ਚੰਡੀਗੜ੍ਹ, 20 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਕਿਸਾਨਾਂ ਦੀ ਸਥਿਤੀ ‘ਤੇ ਮਗਰਮੱਛ ਦੇ ਹੰਝੂ ਵਹਾਉਣੇ ਬੰਦ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਮਰਥਨ ਨਾਲ ਕੇਂਦਰ ਸਰਕਾਰ ਵੱਲੋਂ ਪਾਸੇ ਕੀਤੇ ਖੇਤੀ ਆਰਡੀਨੈਂਸਾਂ ਨੇ ਕਿਸਾਨਾਂ ਦੀ ਜਾਨ ਸੂਲੀ ਉੱਤੇ ਟੰਗੀ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ ਆਰਡੀਨੈਂਸਾਂ, ਜੋ ਸਪੱਸ਼ਟ ਤੌਰ ‘ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਅੰਤ ਕਰ ਦੇਣ ਵੱਲ ਪਹਿਲਾ ਕਦਮ ਹੈ, ਦੇ ਹੱਕ ਵਿੱਚ ਭੁਗਤਣ ਨਾਲ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਢਕਵੰਜ ਤੋਂ ਪਰਦਾ ਚੱਕ ਦਿੱਤਾ ਹੈ ਜਦਕਿ ਇਨ੍ਹਾਂ ਦੇ ਸ਼ਾਸਨਕਾਲ ਦੌਰਾਨ ਕਿਸਾਨਾਂ ਦੀ ਸਥਿਤੀ ਨਿੱਘਰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਦੀ ਪਤਨੀ ਅਤੇ ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ ਵੀ ਕੇਂਦਰੀ ਮੰਤਰੀ ਵਜੋਂ ਇਨ੍ਹਾਂ ਆਰਡੀਨੈਂਸਾਂ ਦੀ ਪ੍ਰਵਾਨਗੀ ‘ਤੇ ਮੋਹਰ ਲਾਉਣ ਵਾਲੀ ਵਜ਼ਾਰਤ ਵਿੱਚ ਸ਼ਾਮਲ ਸੀ।
ਘੱਟੋ-ਘੱਟ ਸਮਰਥਨ ਮੁੱਲ ‘ਤੇ ਕੇਂਦਰ ਸਰਕਾਰ ਪਾਸੋਂ ਸਪੱਸ਼ਟੀਕਰਨ ਲੈਣ ਲਈ ਸੁਖਬੀਰ ਬਾਦਲ ਵੱਲੋਂ ਕਿਸਾਨ ਜਥੇਬੰਦੀਆਂ ਦੇ ਵਫ਼ਦ ਦੀ ਅਗਵਾਈ ਕਰਨ ਦੀ ਕੀਤੀ ਪੇਸ਼ਕਸ਼ ਦੀ ਖਿੱਲੀ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੱਥੋਂ ਪਤਾ ਲਗਦਾ ਹੈ ਕਿ ਸੁਖਬੀਰ ਬਾਦਲ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਆਰਡੀਨੈਂਸ, ਜਿਨ੍ਹਾਂ ਨੂੰ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਦੀ ਲੀਹ ‘ਤੇ ਲਿਆਂਦਾ ਗਿਆ ਹੈ, ਭਾਰਤ ਦੇ ਸੰਘੀ ਢਾਂਚੇ ਦੇ ਪੂਰੀ ਤਰ੍ਹਾਂ ਖਿਲਾਫ ਹਨ ਜਿਸ ਨੇ ਘੱਟ-ਘੱਟ ਸਮਰਥਨ ਮੁੱਲ ਦੀ ਪ੍ਰਣਾਲੀ ਨੂੰ ਖਤਮ ਕਰਨ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਸਿਫਾਰਸ਼ਾਂ ਨੂੰ ਆਰਡੀਨੈਂਸਾਂ ‘ਤੇ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਇਹ ਅਨੁਮਾਨ ਤਰਕਸੰਗਤ ਹੈ ਕਿ ਛੇਤੀ ਹੀ ਸਮਰਥਨ ਭਾਅ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਹਿੱਤਾਂ ਅਤੇ ਖਾਸ ਤੌਰ ‘ਤੇ ਨਿੱਜੀ ਅਤੇ ਆਪਣੀ ਪਤਨੀ ਦੇ ਹਿੱਤਾਂ ਦੀ ਰਾਖੀ ਖਾਤਰ ਇਨ੍ਹਾਂ ਤੱਥਾਂ ਨੂੰ ਅਣਗੌਲਿਆ ਕਰ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਕਿਸਾਨਾਂ ਪ੍ਰਤੀ ਹੇਜ ਦਿਖਾਉਣ ਦੀ ਡਰਾਮੇਬਾਜ਼ੀ ਕਰਨ ਨਾਲ ਹੁਣ ਮਸਲਾ ਹੱਲ ਨਹੀਂ ਹੋਵੇਗਾ ਜਦਕਿ ਦੂਜੇ ਪਾਸੇ ਉਸ ਦੀ ਪਾਰਟੀ ਅਕਾਲੀ ਦਲ ਵੱਲੋਂ ਆਰਡੀਨੈਂਸਾਂ ਦੇ ਹੱਕ ਵਿੱਚ ਸਰਗਰਮ ਹਮਾਇਤੀ ਵਜੋਂ ਵਿਚਰ ਕੇ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਕਾਲੀ ਦਲ ਕੋਲ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਕਦਮ ਚੁੱਕਣ ਕਰਕੇ ਕੋਈ ਹੋਰ ਰਾਹ ਨਾ ਬਚਿਆ ਤਾਂ ਸੁਖਬੀਰ ਹੁਣ ਇਸ ਪੇਸ਼ਕਸ਼ ਨਾਲ ਆਪਣਾ ਅਕਸ ਬਚਾਉਣ ਲਈ ਨਿਰਾਸ਼ ਕੋਸ਼ਿਸ਼ਾਂ ਕਰ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੈਰ-ਪੈਰ ‘ਤੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਅਤੇ ਪਿਛਲੇ ਛੇ ਸਾਲਾਂ ਵਿੱਚ ਕਿਸਾਨਾਂ ਦੇ ਹਿੱਤ ਸੁਰੱਖਿਅਤ ਬਣਾਉਣ ਲਈ ਇਕ ਵੀ ਕਦਮ ਨਹੀਂ ਚੁੱਕਿਆ ਜਿਸ ਕਰਕੇ ਨਾ ਤਾਂ ਕਿਸਾਨ ਅਤੇ ਨਾ ਹੀ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਦੇ ਭਰੋਸਿਆਂ ‘ਤੇ ਕੋਈ ਵਿਸ਼ਵਾਸ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸੁਖਬੀਰ ਨੂੰ ਇਹ ਵੀ ਨਹੀਂ ਪਤਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਨ੍ਹਾਂ ਆਰਡੀਨੈਂਸਾਂ ਖਿਲਾਫ ਪਹਿਲਾਂ ਹੀ ਖੁੱਲ੍ਹ ਕੇ ਰੋਸ ਪ੍ਰਗਟਾ ਚੁੱਕੀਆਂ ਹਨ ਅਤੇ ਜਥੇਬੰਦੀਆਂ ਵੀ ਇਸ ਤੱਥ ਤੋਂ ਜਾਣੂੰ ਹਨ ਕਿ ਇਹ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਆਰਡੀਨੈਂਸ ਹਨ ਜਿਨ੍ਹਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਖਰੀਦ ਪ੍ਰਣਾਲੀ ਦਾ ਖਤਮ ਕਰਨ ਦਾ ਰਾਹ ਤਿਆਰ ਕਰਨ ਲਈ ਘੜਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਤਾਂ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਵਾਲੇ ਪਾਸੇ ਤੋਂ ਕੋਈ ਵੀ ਵਾਅਦਾ ਜਾਂ ਸਪੱਸ਼ਟੀਕਰਨ ਉਦੋਂ ਤੱਕ ਬੇਮਾਅਨਾ ਹੋਵੇਗਾ, ਜਦੋਂ ਤੱਕ ਉਹ ਸੱਚੇ ਦਿਲੋਂ ਕਿਸਾਨਾਂ ਦੇ ਹਿੱਤਾਂ ਦੇ ਮੁਦੱਈ ਹੋਣ ਦਾ ਸਬੂਤ ਦਿੰਦਿਆਂ ਇਨ੍ਹਾਂ ਆਰਡੀਨੈਂਸਾਂ ਨੂੰ ਵਾਪਸ ਨਹੀਂ ਲੈਂਦੇ।
ਅਕਾਲੀ ਦਲ ਦੇ ਦੋਹਰੇ ਮਾਪਦੰਡਾਂ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਹਾਲ ਹੀ ਮਹੀਨਿਆਂ ਵਿੱਚ ਸੀ.ਏ.ਏ. ਸਮੇਤ ਕਈ ਮੁੱਦਿਆਂ ‘ਤੇ ਦੋਗਲੇਪਣ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਸੱਚਮੁੱਚ ਹੀ ਕਿਸਾਨਾਂ ਪ੍ਰਤੀ ਚਿੰਤਤ ਹੈ ਤਾਂ ਫੇਰ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਆਪਣੀ ਪਾਰਟੀ ਦੀ ਹਮਾਇਤ ਵਾਪਸ ਕਿਉਂ ਨਹੀਂ ਲੈਂਦਾ।——–