ਮਾਨਸਾ, 17 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) : ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਲੋਕਾਂ ਦੇ ਬਚਾਅ ਲਈ ਚਲਾਈ ਗਈ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਐਸ.ਐਸ.ਪੀ. ਦਫਤਰ ਵਿਖੇ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਕਰੀਨਿੰਗ ਕਰਵਾਉਣ ਲਈ ਪੁਲਿਸ ਲਾਈਨ ਹਸਪਤਾਲ ਦੀ ਡਾਕਟਰੀ ਟੀਮ ਤਾਇਨਾਤ ਕਰਕੇ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੁਲਿਸ ਕਰਮਚਾਰੀਆਂ ਦਾ ਮੈਡੀਕਲ ਚੈਕਅੱਪ ਹਰ ਰੋਜ਼ ਸਵੇਰੇ 9.00 ਵਜੇ ਹੋਵੇਗਾ ਅਤੇ ਤਾਇਨਾਤ ਅਧਿਕਾਰੀ ਤੇ ਕਰਮਚਾਰੀ ਚੈਕਅੱਪ ਕਰਾਉਣ ਤੋਂ ਬਾਅਦ ਹੀ ਆਪਣੀ-ਆਪਣੀ ਡਿਊਟੀ ਕਰਨਗੇ।
ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਅਤੇ ਇਸ ਵਾਇਰਸ ਨੂੰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਣ ਤੋਂ ਰੋਕਣ ਲਈ ਸੀਨੀਅਰ ਮੈਡੀਕਲ ਅਫ਼ਸਰ ਪੁਲਿਸ ਲਾਈਨ ਹਸਪਤਾਲ ਮਾਨਸਾ ਦੇ ਡਾ. ਰਣਜੀਤ ਰਾਏ ਦੀ ਅਗਵਾਈ ਹੇਠ ਫਾਰਮੇਸੀ ਅਫਸਰ ਰਾਮ ਸਿੰਘ ਅਤੇ ਨਰਸਿੰਗ ਸਹਾਇਕ ਵਿੱਕੀ ਵੱਲੋਂ ਅੱਜ ਪਹਿਲੇ ਦਿਨ ਐਸ.ਐਸ.ਪੀ. ਦਫ਼ਤਰ ਮਾਨਸਾ ਵਿਖੇ ਹਾਜ਼ਰ 123 ਪੁਲਿਸ ਕਰਮਚਾਰੀਆਂ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਹੋਰ ਮਹਿਕਮਿਆਂ ਦੇ ਕਰਮਚਾਰੀਆਂ ਸਮੇਤ ਕੁੱਲ 147 ਕਰਮਚਾਰੀਆਂ ਦਾ ਇੰਨਫਰਾਰੈਡ ਥਰਮੋਮੀਟਰ (Infrared Thermometer) ਨਾਲ ਬਾਡੀ ਟੈਂਪਰੇਚਰ (ਸਰੀਰਕ ਤਾਪਮਾਨ) ਚੈਕ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਮੈਡੀਕਲ ਚੈਕਅੱਪ ਠੀਕ ਪਾਇਆ ਗਿਆ ਹੈ।
ਐਸ.ਐਸ.ਪੀ. ਨੇ ਅਪੀਲ ਕਰਦਿਆਂ ਕਿਹਾ ਕਿ ਨੋਵਲ ਕੋਰਨਾ ਵਾਇਰਸ (ਕੋਵਿਡ-19) ਦੀ ਹਾਲੇ ਕੋਈ ਵੈਕਸੀਨ ਵਿਕਸ਼ਤ ਨਹੀ ਹੋਈ ਹੈ, ਜਿਸ ਕਰਕੇ ਇਸ ਬਿਮਾਰੀ ਤੋਂ ਸਾਵਧਾਨੀਆਂ ਦੀ ਵਰਤੋਂ ਕਰਨ ਨਾਲ ਹੀ ਬਚਿਆ ਜਾ ਸਕਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਨੱਕ-ਮੂੰਹ ‘ਤੇ ਮਾਸਕ ਪਹਿਨ ਕੇ ਰੱਖਣ, ਇੱਕ-ਦੂਜੇ ਵਿਅਕਤੀ ਵਿਚਕਾਰ ਉਚਿੱਤ ਦੂਰੀ (ਘੱਟੋ ਘੱਟ 6 ਫੁੱਟ) ਬਣਾ ਕੇ ਰੱਖਣ, ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਸਾਫ਼ ਕਰਨ, ਹੈਂਡ-ਸੈਨੀਟਾਈਜ਼ਰ ਦੀ ਵਰਤੋਂ ਕਰਨ ਅਤੇ ਜੇਕਰ ਕੋਈ ਬਹੁਤਾ ਹੀ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਬਾਹਰ ਨਿਕਲਣ ਆਦਿ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਸਾਵਧਾਨੀਆਂ ਦੀ ਵਰਤੋਂ ਨਾਲ ਅਸੀ ਛੇਤੀ ਹੀ ਇਸ ਮਹਾਂਮਾਰੀ (ਕੋਵਿਡ-19) ‘ਤੇ ਕਾਬੂ ਪਾਉਣ ਵਿੱਚ ਕਾਮਯਾਬ ਹੋ ਜਾਵਾਂਗੇ।