ਮਾਨਸਾ, 12 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) -ਕੋਰੋਨਾ ਵਾਈਰਸ ਦੇ ਵੀਕਐਂਡ ਲਾਕਡਾਊਨ ਦੌਰਾਨ ਭਾਵੇਕਿ ਮਾਨਸਾ ਜ਼ਿਲੇ ਦੇ ਐਤਵਾਰ ਨੂੰ ਸ਼ਹਿਰ ਦੇ ਬਜ਼ਾਰ ਬੰਦ ਰਹੇ ਪਰ ਜ਼ਿਲੇ ਭਰ ‘ਚ ਰੁਕ ਰੁਕ ਹੋ ਰਹੀ ਮੌਹਲੇਧਾਰ ਬਾਰਸ਼ ਨੇ ਵੀ ਲੋਕਾਂ ਨੂੰ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਉੱਥੇ ਸ਼ਹਿਰਾਂ ਅੰਦਰ ਨੀਵੇ ਇਲਾਕਿਆਂ ‘ਚ ਬਾਰਸ਼ ਦਾ ਪਾਣੀ ਭਰਨ ਨਾਲ ਸ਼ਹਿਰ ਵਾਸੀਆਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਮਾਨਸਾ ਦਾ ਅੰਡਰ ਬਰਿੱਜ ਝੀਲ ਦਾ ਰੂਪ ਧਾਰਨ ਕਰ ਗਿਆ ਹੈ ਅਤੇ ਸ਼ਹਿਰ ਦੀਆਂ ਗਲੀਆਂ ਤੇ
ਬਜ਼ਾਰਾਂ ‘ਚ ਗੋਡੇ ਗੋਡੇ ਪਾਣੀ ਜਮਾਂ ਹੋ ਗਿਆ ਹੈ। ਮਾਨਸਾ ਸ਼ਹਿਰ ਦੇ ਬੱਸ ਸਟੈਂਡ , ਸਿਨੇਮਾ ਮਾਰਕੀਟ, ਗਊਸ਼ਾਲਾ ਰੋਡ ਤੇ ਆਸ ਪਾਸ ਦੀਆਂ ਗਲੀਆਂ, ਚਕੇਰੀਆਂ ਰੋਡ , ਹਸਪਤਾਲ ਰੋਡ, ਵਾਟਰ ਵਰਕਸ ਰੋਡ ਤੇ ਸ਼ਹਿਰ ਦੇ ਨੀਂਵੇ ਖੇਤਰਾਂ ਨੂੰ ਬਾਰਸ਼ ਦਾ ਪਾਣੀ ਜ਼ਿਆਦਾ ਭਰਨ ਸਦਕਾ ਸ਼ਹਿਰ ਦੇ ਕਈ ਭਾਗਾਂ ‘ਚ ਵੰਡਿਆ ਗਿਆ। ਲੋਕਾਂ ਨੂੰ ਆਪਣੀ
ਮੰਜ਼ਿਲ ਤੇ ਪਹੁੰਚਣ ਲਈ ਰਸਤੇ ਬਦਲਣੇ ਪਏ। ਇਸ ਤੋ ਇਲਾਵਾ ਲੋਕਾਂ ਦੇ ਘਰਾਂ ਅੰਦਰ ਪਾਣੀ ਵੜਨ ਤੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਬਾਰਸ਼ ਸਦਕਾ ਕਿਸਾਨਾਂ ਦੇ ਚਿਹਰਿਆਂ ਤੇ ਰੋਣਕਾਂ ਦਿਖਾਈ ਦਿੱਤੀਆਂ ਕਿਉਂਕਿ ਝੋਨੇ ਦੀ ਫਸਲ ਦੀ ਸਿੰਜਾਈ ਲਈ ਬਾਰਸ਼ ਦਾ ਪਾਣੀ ਵਰਦਾਨ ਸਾਬਤ ਹੋਵੇਗਾ। ਕਈ ਪਿੰਡ ਅੰਦਰ ਨੀਵੇਂ ਖੇਤਾਂ ‘ਚ ਜਿਆਦਾ ਪਾਣੀ ਭਰ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕੁਦਰਤ ਮੇਹਰਬਾਨ ਰਹੀ ਤਾਂ ਫਸਲਾਂ ਦਾ ਝਾੜ ਵੱਧਣ ਦੀ ਆਸ ਬੱਝ ਸਕਦੀ ਹੈ।