ਮਾਨਸਾ 12 ਜੁਲਾਈ (ਸਾਰਾ ਯਹਾ/ ਜਗਦੀਸ਼ ਬਾਂਸਲ)– ਸਿਵਲ ਹਸਪਤਾਲ ਰਿਸ਼ਵਤਖੋਰੀ ਮਾਮਲੇ ਚ ਵਿਜੀਲੈਂਸ ਟੀਮ ਵੱਲੋ 6 ਕਥਿਤ ਦੋਸ਼ੀਆਂ ਨੂੰ ਜੇਲ ਭੇਜਣ ਤੋਂ ਬਾਅਦ ਕਾਬੂ ਕੀਤੇ ਐਸ ਐਮ ਓ, ਡਾਕਟਰ ਅਸ਼ੋਕ ਕੁਮਾਰ ਦਾ ਸੋਮਵਾਰ ਨੂੰ ਤਿੰਨ ਦਿਨਾਂ ਰਿਮਾਂਡ ਪੂਰਾ ਹੋਣ ਤੇ ਵਿਜੀਲੈਂਸ ਟੀਮ ਵੱਲੋ ਭਲਕੇ 13 ਜੁਲਾਈ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਵਿਜੀਲੈਂਸ ਟੀਮ ਅਦਾਲਤ ਪਾਸੋਂ ਐਸ ਐਮ ਓ ਦਾ ਪੁਲਿਸ ਰਿਮਾਂਡ ਹੋਰ ਵਧਾਉਣ ਦੀ ਮੰਗ ਕਰ ਸਕਦੀ ਹੈ।ਇਸ ਮਾਮਲੇ ਚ ਅਜੇ ਤੱਕ ਫਰਾਰ ਡਾਕਟਰ ਸਾਹਿਲ ਕੁਮਾਰ ਤੇ ਇੱਕ ਮੈਡੀਕਲ ਮਾਲਕ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਟੀਮ ਵੱਲੋ ਕਾਰਵਾਈ ਆਰੰਭੀ ਹੋਈ ਹੈ।
ਸੂਤਰਾਂ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਵੱਲੋ ਐਸ ਐਮ ਓ ਅਸ਼ੋਕ ਕੁਮਾਰ ਤੋਂ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਤੋਂ ਇਸ ਰਿਸ਼ਵਤਖੋਰੀ ਮਾਮਲੇ ਦੀਆਂ ਪਰਤਾਂ ਤੇਜੀ ਨਾਲ ਖੁਲਣੀਆ ਸ਼ੁਰੂ ਹੋ ਗਈਆਂ ਨੇ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਅਹਿਮ ਖੁਲਾਸੇ ਹੋਣਗੇ, ਜਿਸ ਤਹਿਤ ਹੋਰ ਵੀ ਕਈ ਲੋਕਾਂ ਨੂੰ ਵਿਜੀਲੈਂਸ ਟੀਮ ਵੱਲੋ ਇਸ ਮਾਮਲੇ ਚ ਨਾਮਜਦ ਕੀਤਾ ਜਾ ਸਕਦਾ ਹੈ। ਐਸ ਐਸ ਪੀ ਵਿਜੀਲੈਂਸ, ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਵਿਜੀਲੈਂਸ ਵੱਲੋ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ
ਮਾਮਲੇ ਦੀ ਬਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗਲਤ ਅੰਗਹੀਣ ਸਰਟੀਫਿਕੇਟ ਜਾਰੀ ਕਰਨ ਦੇ ਮਾਮਲੇ ਚ ਵੱਖ ਵੱਖ ਵਿਭਾਗਾਂ ਵਿੱਚ ਅੰਗਹੀਣ ਸਰਟੀਫਿਕੇਟਾਂ ਦੇ ਅਧਾਰ ਤੇ ਭਰਤੀ ਹੋਏ ਜਾ ਪ੍ਰਮੋਟ ਹੋਣ ਸਬੰਧੀ ਰਿਕਾਰਡ ਤਲਬ ਕੀਤਾ ਗਿਆ ਹੈ, ਡੋਪ ਟੈਸਟ ਮਾਮਲੇ ਅਤੇ ਆਯੂਸ਼ਮਾਨ ਭਾਰਤ ਜਨ ਸਵਾਸਥ ਯੋਜਨਾ ਤਹਿਤ ਸਿਵਲ ਹਸਪਤਾਲ ਮਾਨਸਾ ਤੋਂ ਪ੍ਰਾਈਵੇਟ ਹਸਪਤਾਲਾਂ ਨੂੰ ਮਰੀਜ ਰੈਫਰ ਕਰਨ ਦੇ ਮਾਮਲੇ ਚ ਇਸ ਸਕੀਮ ਅਧੀਨ ਪੈਨਲ ਤੇ ਪ੍ਰਾਈਵੇਟ ਹਸਪਤਾਲਾਂ ਅਤੇ ਸਿਵਲ ਹਸਪਤਾਲ ਦਾ ਰਿਕਾਰਡ ਤਲਬ ਕੀਤਾ ਹੈ, ਲੜਾਈ ਝਗੜਿਆਂ ਦੇ ਮਾਮਲੇ ਚ ਐਮ ਐਲ ਆਰ ਵਿੱਚ ਸੱਟਾਂ ਦੀ ਕਿਸਮ ਬਦਲਣ ਸਬੰਧੀ ਲੋੜੀਦਾ ਰਿਕਾਰਡ ਤਲਬ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ ਵਿਜੀਲੈਸ ਟੀਮ ਨੇ ਬੀਤੇ ਦਿਨੀ ਇਸ ਰਿਸ਼ਵਤਖੋਰੀ ਮਾਮਲੇ ਚ ਪਰਚਾ ਦਰਜ ਕੀਤਾ ਸੀ, ਵਿਜੀਲੈਂਸ ਟੀਮ ਵੱਲੋ ਹੁਣ ਤੱਕ ਇਸ ਮਾਮਲੇ ਚ ਸੀਨੀਅਰ ਮੈਡੀਕਲ ਅਫਸਰ ਸਮੇਤ 9 ਲੋਕਾਂ ਨੂੰ ਨਾਮਜਦ ਕਰਕੇ 7 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਡਾਕਟਰ ਸਾਹਿਲ ਕੁਮਾਰ ਤੇ ਇੱਕ ਮੈਡੀਕਲ ਮਾਲਕ ਅਜੇ ਫਰਾਰ ਹਨ।