ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮਜੀਠਾ ਹਲਕੇ ‘ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਤਿੱਖਾ ਭਾਸ਼ਣ ਦਿੱਤਾ। ਭਾਸ਼ਣ ਦੀ ਸ਼ੁਰੂਆਤ ‘ਚ ਮਜੀਠੀਆ ਨੇ ਕਿਹਾ ਕਿ ਜਾਖੜ ਜਾਂ ਹੋਰ ਕਾਂਗਰਸੀ ਧਰਨਾ ਦੇਵੇ ਤਾਂ ਉਸ ਖਿਲਾਫ ਕੋਈ ਕਾਰਵਾਈ ਨਹੀਂ, ਮਜੀਠੀਆ ਧਰਨਾ ਦੇਣ ਪੁੱਜਿਆ ਤਾਂ ਪੁਲਿਸ ਨੂੰ ਕਾਰਵਾਈ ਯਾਦ ਆ ਗਈ। ਮਜੀਠੀਆ ਨੇ ਇੱਕ ਪੁਲਿਸ ਵਾਲੇ ਨੂੰ ਕਿਹਾ,” “ਮੇਰੀ ਵੀਡੀਓ ਬਣਾ ਲੈ, ਫੋਟੋ ਬਣਾ ਕੇ ਫਾਰਮ ਹਾਊਸ ‘ਚ ਭੇਜ ਦਵੀਂ।” “-
ਫਾਰਮ ਹਾਊਸ ‘ਚ ਬੈਠੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਮਜੀਠੀਆ ਨੇ ਦੋਸ਼ ਮੜ੍ਹਿਆ ਕੇਂਦਰ ਵੱਲੋਂ ਭੇਜੇ ਰਾਸ਼ਨ ਨੂੰ ਕਾਂਗਰਸੀਆਂ ਨੇ ਖੁਰਦ-ਬੁਰਦ ਕਰ ਦਿੱਤਾ ਹੈ। ਰਾਸ਼ਨ ਦੀ ਵੰਡ ਸਮੇਂ ਗੜਬੜੀ ਦੇ ਸ਼ੱਕ ਜਤਾਉਂਦਿਆਂ ਮਜੀਠੀਆ ਨੇ ਚੇਤਾਵਨੀ ਦਿੱਤੀ ਕਿ ਹੁਣ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਕੂਲਾਂ ਵੱਲੋਂ ਵਸੂਲੀ ਜਾ ਰਹੀ ਫੀਸ ਦੇ ਮਾਮਲੇ ‘ਚ ਵੀ ਮਜੀਠੀਆ ਨੇ ਕੈਪਟਨ ਸਰਕਾਰ ਨੂੰ ਫਿਟਕਾਰਿਆ ਤੇ ਕਿਹਾ ਕਿ ਕੈਪਟਨ ਨੇ ਅਦਾਲਤ ‘ਚ ਕਮਜ਼ੋਰ ਭੂਮਿਕਾ ਨਿਭਾਅ ਕੇ ਪੰਜਾਬੀ ਮਾਪਿਆਂ ਦੀ ਪਿੱਠ ਲਵਾਈ ਹੈ।
ਇਸ ਦੌਰਾਨ ਮਜੀਠੀਆ ਨੇ ਭਾਜਪਾ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਵੀ ਸਟੈਂਡ ਸਪਸ਼ਟ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਨਾਲ ਰਿਸ਼ਤਾ ਟੁੱਟ ਸਕਦਾ ਹੈ, ਪਰ ਕਿਸਾਨੀ ਨਾਲ ਨਹੀਂ ਟੁੱਟ ਸਕਦਾ।
ਉਨ੍ਹਾਂ ਕਿਹਾ ਅਕਾਲੀ ਦਲ ਕਦੇ ਵੀ MSP ਨਹੀਂ ਟੁੱਟਣ ਦੇਵੇਗਾ। ਜੇਕਰ ਕੇਂਦਰ ਨੇ MSP ਹਟਾਈ ਤਾਂ ਅਸੀਂ ਭਾਜਪਾ ਨਾਲੋਂ ਨਾਤਾ ਤੋੜ ਦੇਵਾਂਗੇ।