ਬੁਢਲਾਡਾ 5 ਜੁਲਾਈ( (ਸਾਰਾ ਯਹਾ/ ਅਮਨ ਮਹਿਤਾ)– ਪਿਛਲੀ ਰਾਤ ਆਏ ਤੇਜ਼ ਝੱਖੜ ਤੋਂ ਬਾਅਦ ਪਈ ਭਾਰੀ ਬਰਸ਼ਾਤ ਨੇ ਖੇਤਾਂ ਨੂੰ ਪਾਣੀ ਨਾਲ ਭਰ ਦਿੱਤਾ। ਜਿਹੜੀਆਂ ਫਸਲਾਂ ਦੇ ਗਰਮੀ ਅਤੇ ਤੇਜ਼ ਧੁੱਪਾਂ ਨੇ ਮੂੰਹ ਮੋੜ ਰੱਖੇ ਸਨ, ਉਨ੍ਹਾਂ ਉਪਰ ਡਿੱਗੇ ਮੀਂਹ ਦੇ ਨਿਰਮਲ ਪਾਣੀ ਨੇ ਖੂਬ -ਖੂਬਸੂਰਤੀ ਲਿਆ ਦਿੱਤੀ ਹੈ। ਖੇਤਾਂ ਵਿਚ ਰੌਣਕਾਂ ਲੱਗੀਆਂ ਹੋਈਆਂ ਹਨ। ਕਿਸਾਨਾਂ ਨੇ ਬਿਜਲੀ ਦੀਆਂ ਮੋਟਰਾਂ ਬੰਦ ਕਰ ਰੱਖੀਆਂ ਹਨ ਅਤੇ ਪਛੇਤੇ ਝੋਨੇ ਅਤੇ ਅਗੇਤੀ ਬਾਸਮਤੀ ਦੀ ਲਵਾਈ ਲਈ ਰੁੱਝ ਗਏ ਹਨ। ਦੂਰ ਦੂਰ ਤੱਕ ਝੋਨੇ ਦੀ ਹਰੇਵਾਈ ਵਿਖਾਈ ਦੇਣ ਲੱਗੀ ਹੈ, ਕਿਸਾਨ ਖੇਤਾਂ ਵਿਛ ਨਰਮੇ ਅਤੇ ਝੋਨੇ ਉਪਰ ਯੂਰੀਆ ਖਾਦ ਖਿਲਾਰਦੇ ਵਿਖਾਈ ਦਿੰਦੇ ਹਨ। ਮੀਂਹ ਦੀਆਂ ਲਹਿਰਾਂ ਬਹਿਰਾਂ ਤੋਂ ਅੰਨਦਾਤਾ ਬਾਗੋਬਾਗ ਹੋਇਆ ਫਿਰਦਾ ਹੈ।ਮੀਂਹ ਨਾਲ ਖੇਤਾਂ ਦੇ ਖੇਤ ਭਰੇ ਜਾਣ ਤੋਂ ਮਗਰੋਂ ਖੇਤੀ ਮੋਟਰਾਂ ਬੰਦ ਹੋਣ ਨਾਲ ਬਿਜਲੀ ਵਾਧੂ ਹੋ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੇ ਸਾਉਣੀ ਦੀਆਂ ਸਾਰੀਆਂ ਫ਼ਸਲਾਂ, ਸਬਜ਼ੀਆਂ ਅਤੇ ਹਰੇ ਚਾਰੇ ਨੂੰ ਅੱਜ ਤੋਂ ਹੀ ਵਾਧੇ ਵਾਲੇ ਪਾਸੇ ਤੋਰ ਦੇਣਾ ਹੈ। ਉਨ੍ਹਾਂ ਮੀਂਹ ਨੂੰ ਫਸਲਾਂ ਲਈ ਸਰਵੋਤਮ ਟਾਨਿਕ ਕਰਾਰ ਦਿੱਤਾ ਹੈ।ਮੌਸਮ ਮਾਹਿਰਾਂ ਮੁਤਾਬਕ ਪੰਜਾਬ ਵਿੱਚ ਮੀਂਹਾਂ ਦੇ ਖੁੱਲਣ ਨਾਲ ਆਮ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ। ਉਨ੍ਹਾਂ ਅਨੁਸਾਰ ਰਾਜ ਤਿੰਨ-ਚਾਰ ਦਿਨ ਚੰਗਾ ਭਰਵਾਂ ਮੀਂਹ ਪੈਣ ਦੀ ਉਮੀਦ ਹੈ।