ਮਾਨਸਾ, 24 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰ ਪਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਕੋਵਿਡ-19 ਮਹਾਂਮਾਰੀ ਖਿਲਾਫ਼ ਜੰਗ ਲੜਨ ਅਤੇ ਇਸ ਤੇ ਫਤਿਹ ਪ੍ਰਾਪਤ ਕਰਨ ਲਈ ‘ਮਿਸ਼ਨ ਫਤਿਹ ਯੋਧੇ’ ਬਣਨ ਅਤੇ ਲੋਕਾਂ ਵਿੱਚ ਇਸ ਮਹਾਂਮਾਰੀ ਤੋਂ ਬਚਾਅ ਲਈ ਮੈਡੀਕਲ ਪ੍ਰੋਟੋਕਾਲ ਅਪਨਾਉਣ ਜਿਸ ਵਿੱਚ ਸਮਾਜਿਕ ਦੂਰੀ ਦੀ ਪਾਲਣਾ, ਮਾਸਕ ਪਾਉਣਾ ਅਤੇ ਹੱਥ ਧੋਣਾ ਸ਼ਾਮਿਲ ਹੈ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਯੋਧੇ ਬਣਦਿਆਂ ਹਰ ਨਾਗਰਿਕ ਨੂੰ ਆਪਣੇ ਮੋਬਾਇਲ ਫੋਨ ’ਤੇ ਕੋਵਾ ਐਪ ਡਾਊਨਲੋਡ ਕਰਕੇ ‘ਮਿਸ਼ਨ ਫ਼ਤਿਹ‘ Çਲੰਕ ਨੂੰ ਦਬਾਉਣਾ ਹੈ ਜਿਸ ਤੋਂ ਬਾਅਦ ਕੋਵਾ ਐਪ ’ਤੇ ਤੁਹਾਡੀ ਰਜਿਸਟਰੇਸ਼ਨ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਨੇ ਐਪ ਡਾਊਨਲੋਡ ਕੀਤੀ ਹੈ ਤਾਂ ਹਵਾਲੇ ਜਾਂ ਮੁਕਾਬਲੇ ਲਈ ਵੀ ਅੰਕ ਪ੍ਰਾਪਤ ਕੀਤੇ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੋ ਵਿਅਕਤੀ ਇਸ ਐਪ ’ਤੇ ਰਜਿਸਟਰਡ ਹੋਣਗੇ ਉਹ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਜਿਸ ਵਿੱਚ ਮਾਸਕ ਪਹਿਨਣਾ, ਹੱਥ ਧੋਣਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਸ਼ਾਮਿਲ ਹੈ ਸਬੰਧੀ ਪੁਆਇੰਟ ਇਕੱਠੇ ਕਰਨਗੇ। ਉਨ੍ਹਾਂ ਕਿਹਾ ਕਿ ਜੋ ਲਗਾਤਾਰ ਰੋਜ਼ਾਨਾ ਪੂਰੀ ਲਗਨ ਨਾਲ ਨਿਯਮਾਂ ਦੀ ਪਾਲਣਾ ਕਰਨਗੇ ਉਹ ਕਾਂਸੀ ਸਰਟੀਫਿਕੇਟ ਅਤੇ ਟੀ- ਸ਼ਰਟ ਹਾਸਿਲ ਕਰਨ ਦੇ ਯੋਗ ਹੋਣਗੇ।
ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਹਫ਼ਤੇ ਅਤੇ ਮਹੀਨਾ ਭਰ ਮੈਡੀਕਲ ਪ੍ਰੋਟੋਕਾਲ ਜਿਵੇਂ ਕਿ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਆਦਿ ਕਰਨਗੇ ਉਹ ਟੀ-ਸ਼ਰਟ ਦੇ ਨਾਲ ਸਿਲਵਰ ਅਤੇ ਗੋਲਡ ਸਰਟੀਫਿਕੇਟ ਵੀ ਹਾਸਿਲ ਕਰ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਸਰਟੀਫਿਕੇਟਾਂ ’ਤੇ ਮੁੱਖ ਮੰਤਰੀ ਪੰਜਾਬ ਦੇ ਹਸਤਾਖ਼ਰ ਹੋਣਗੇ। ਉਨ੍ਹਾਂ ਕਿਹਾ ਕਿ ‘ਮਿਸ਼ਨ ਫ਼ਤਿਹ’ ਅਹਿਮ ਪ੍ਰੋਗਰਾਮ ਮੁੱਖ ਮੰਤਰੀ ਪੰਜਾਬ ਵੱਲੋਂ ਨੋਵਲ ਕੋਰੋਨਾ ਵਾਇਰਸ ਉਤੇ ਅਨੁਸ਼ਾਸਨ ਅਤੇ ਸਹਿਯੋਗ ਰਾਹੀਂ ਦ੍ਰਿੜਤਾ ਨਾਲ ਫ਼ਤਿਹ ਹਾਸਿਲ ਕਰਨ ਦੇ ਸੰਕਲਪ ਵਜੋਂ ਉਭਰੇਗਾ।
ਉਨ੍ਹਾਂ ਕਿਹਾ ਕਿ ਇਸ ਰਾਹੀਂ ਮੁੱਖ ਮੰਤਰੀ ਪੰਜਾਬ ਦੁਆਰਾ ਸੁਰੱਖਿਆ ਮਾਪਦੰਡਾਂ ਨੂੰ ਅਪਨਾਉਣ, ਲਾਕਡਾਊਨ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਲਈ ਸੂਬਾ ਸਰਕਾਰ ਨਾਲ ਸਹਿਯੋਗ ਅਤੇ ਗ਼ਰੀਬਾਂ ਪ੍ਰਤੀ ਹਮਦਰਦੀ ਰੱਖਣ ’ਤੇ ਵੀੇ ਜ਼ੋਰ ਦਿੱਤਾ ਗਿਆ ਹੈ। ‘ਮਿਸ਼ਨ ਫ਼ਤਿਹ’ ਹਰ ਔਖੀ ਘੜੀ ਨੂੰ ਜਿੱਤ ਵਿੱਚ ਬਦਲਣ ਲਈ ਪੰਜਾਬੀਆਂ ਦੀ ਚੜ੍ਹਦੀ ਕਲਾ ਦਾ ਪ੍ਰਤੀਬਿੰਬ ਹੈ ।