ਚੰਡੀਗੜ੍ਹ, 22 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) – ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਾਵਰ ਪਲਾਂਟ, ਜੋ ਕਿ ਹੁਣ ਬੰਦ ਹੈ, ਦੀ 1764 ਏਕੜ ਜ਼ਮੀਨ ਦੇ ਪੁਨਰ ਵਿਕਾਸ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਕੈਬਨਿਟ ਦੇ ਇਸ ਫੈਸਲੇ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (ਪੀ.ਐਸ.ਪੀ.ਸੀ.ਐਲ) ਦੀ ਇਹ ਜ਼ਮੀਨ 80:20 ਆਮਦਨ ਹਿੱਸੇਦਾਰੀ ਯੋਜਨਾ ਤਹਿਤ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਨੂੰ ਸੌਂਪ ਦਿੱਤੀ ਜਾਵੇਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕੈਬਨਿਟ ਵੱਲੋਂ ਪੁੱਡਾ ਨੂੰ ਇਸ ਥਾਂ ਨੂੰ ਵਿਕਸਤ ਕਰਨ ਅਤੇ ਵੇਚੇ ਜਾਣ ਲਈ ਸੂਬੇ ਦੀ ਗਾਰੰਟੀ ਨਾਲ 100 ਕਰੋੜ ਰੁਪਏ ਤੱਕ ਦਾ ਕਰਜ਼ਾ ਚੁੱਕਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਦੇ ਨਾਲ ਹੀ ਬਠਿੰਡਾ ਪਲਾਂਟ ਦੀ ਜ਼ਮੀਨ ਨੂੰ ਮੁੜ ਵਿਕਸਤ ਕੀਤੇ ਜਾਣ ਲਈ ਖਾਕਾ ਤਿਆਰ ਕਰਨ ਵਾਸਤੇ 18 ਮਈ, 2020 ਨੂੰ ਇਕ ਹੋਰ ਕੈਬਨਿਟ ਸਬ-ਕਮੇਟੀ ਬਣਾਈ ਗਈ ਸੀ ਜਿਸ ਵਿੱਚ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ, ਉਦਯੋਗ ਤੇ ਵਣਜ ਮੰਤਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਤੌਰ ਮੈਂਬਰ ਸ਼ਾਮਲ ਸਨ।
ਸੂਬਾ ਸਰਕਾਰ ਵੱਲੋਂ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਕੇ ਇਸ ਖੇਤਰ ਵਿੱਚ ਖੁਸ਼ਹਾਲੀ ਲਿਆਉਣ ਲਈ ਇਸ ਜ਼ਮੀਨ ਨੂੰ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਪੀ.ਐਸ.ਪੀ.ਐਲ ਬੋਰਡ ਵੱਲੋਂ ਇਹ ਜ਼ਮੀਨ (280 ਏਕੜ ਦੇ ਕਰੀਬ ਕਲੋਨੀ ਤਹਿਤ ਆਉਦੇ ਰਕਬੇ ਨੂੰ ਛੱਡ ਕੇ) ਇਸਦੇ ਢੁੱਕਵੇਂ ਵਿਕਾਸ ਅਤੇ 80:20 ਮੁਨਾਫਾ ਹਿੱਸੇਦਰੀ ਯੋਜਨਾ ਤਹਿਤ ਵਿਕਰੀ ਲਈ ਪੁੱਡਾ ਨੂੰ ਸੌਂਪੇ ਜਾਣ ਸਬੰਧੀ ਮਤਾ ਪਾਸ ਕੀਤਾ ਜਾ ਚੁੱਕਾ ਹੈ। ਇਸ ਯੋਜਨਾ ਤਹਿਤ ਜ਼ਮੀਨ ਦੀ ਅਨੁਮਾਨਿਤ ਕੀਮਤ ਤੋਂ ਇਲਾਵਾ ਵਿਕਸਤ ਹੋਈ ਜ਼ਮੀਨ ਦੀ ਵਿਕਰੀ ਨਾਲ ਹੋਣ ਵਾਲੇ ਮੁਨਾਫੇ ਦਾ 80 ਫੀਸਦ ਹਿੱਸਾ ਇਸ ਦੇ ਮਾਲਕ ਪੀ.ਐਸ.ਪੀ.ਸੀ.ਐਲ ਨੂੰ ਜਾਵੇਗਾ ਜਦੋਂਕਿ 20 ਫੀਸਦ ਹਿੱਸਾ ਪੁੱਡਾ ਦੁਆਰਾ ਵਿਕਾਸ ਅਤੇ ਪ੍ਰਚਾਰਨ ਵਿੱਚ ਨਿਭਾਈ ਭੂਮਿਕਾ ਲਈ ਰੱਖਿਆ ਜਾਵੇਗਾ। ਪੁੱਡਾ ਵੱਲੋਂ ਥਰਮਲ ਪਾਵਰ ਪਲਾਂਟ ਅਧੀਨ ਜ਼ਮੀਨ ਦੀ ਵੱਖ-ਵੱਖ ਹਿੱਸਿਆਂ ਵਿੱਚ ਉੱਤਮ ਸੰਭਾਵਿਤ ਵਰਤੋ ਵਾਸਤੇ ਪੇਸ਼ੇਵਰ ਏਜੰਸੀ/ਏਜੰਸੀਆਂ ਦੀ ਸਲਾਹ ਖਾਤਰ ਸੇਵਾਵਾਂ ਹਾਸਲ ਕਰੇਗਾ।