ਸੁਖਬੀਰ ਬਾਦਲ ਨੇ ਸੀਨੀਅਰ ਲੀਡਰ ਨੂੰ ਪਾਰਟੀ ‘ਚੋਂ ਕੱਢਿਆ, ਲੱਗੇ ਸੀ ਠੱਗੀ ਦੇ ਇਲਜ਼ਾਮ

0
155

ਚੰਡੀਗੜ੍ਹ (ਸਾਰਾ ਯਹਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਤੋਂ ਪਾਰਟੀ ਆਗੂ ਅਮਿਤ ਰਤਨ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹਟਾ ਦਿੱਤਾ ਹੈ। ਰਤਨ ਵਿਰੁੱਧ ਕਾਰਵਾਈ ਵਰਕਰ ਵੱਲੋਂ ਲਗਾਏ ਦੋਸ਼ਾਂ ਤੋਂ ਬਾਅਦ ਕੀਤੀ ਗਈ। ਰਤਨ ‘ਤੇ ਵਰਕਰਾਂ ਦੁਆਰਾ ਧੋਖਾਧੜੀ ਦਾ ਸਖ਼ਤ ਦੋਸ਼ ਲਾਇਆ ਗਿਆ ਸੀ।

ਇਥੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੁਝ ਵਿਅਕਤੀਆਂ ਨੇ ਸ਼ਿਕਾਇਤਾਂ ਕੀਤੀਆਂ ਸੀ ਕਿ ਅਮਿਤ ਰਤਨ ਨੇ ਉਨ੍ਹਾਂ ਨੂੰ ਕਾਰੋਬਾਰ ਦਾ ਮੌਕਾ ਦੇਣ ਦੇ ਨਾਮ ‘ਤੇ ਧੋਖਾ ਕੀਤਾ ਹੈ। ਇਹ ਸ਼ਿਕਾਇਤਾਂ ਮਿਲਣ ਤੋਂ ਬਾਅਦ ਪਾਰਟੀ ਪ੍ਰਧਾਨ ਨੇ ਤੱਥ ਖੋਜ ਕਮੇਟੀ ਬਣਾਈ, ਜਿਸ ‘ਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਸਰੂਪ ਚੰਦ ਸਿੰਗਲਾ ਸ਼ਾਮਲ ਸੀ।

ਇਸ ਕਮੇਟੀ ਨੇ ਵਿਸਥਾਰ ਨਾਲ ਪੜਤਾਲ ਕੀਤੀ ਤੇ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪ ਦਿੱਤੀ, ਜਿਸ ਵਿੱਚ ਇਹ ਪਾਇਆ ਗਿਆ ਕਿ ਅਮਿਤ ਰਤਨ ਖ਼ਿਲਾਫ਼ ਦੋਸ਼ ਸਹੀ ਸੀ ਅਤੇ ਕਮੇਟੀ ਨੇ ਰਤਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਸਿਫਾਰਸ਼ ਕੀਤੀ। ਅਮਿਤ ਰਤਨ ਦੀਆਂ ਅਜਿਹੀਆਂ ਗੈਰਕਾਨੂੰਨੀ ਅਤੇ ਅਨੈਤਿਕ ਗਤੀਵਿਧੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਪਾਰਟੀ ਪ੍ਰਧਾਨ ਨੇ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ।

LEAVE A REPLY

Please enter your comment!
Please enter your name here