ਮਾਨਸਾ 1 ਜੂਨ (ਸਾਰਾ ਯਹਾ / ਬਲਜੀਤ ਸ਼ਰਮਾ) ਮਾਨਸਾ ਸ਼ਹਿਰ ਦੇ ਵਾਟਰ ਵਰਕਸ ਰੋਡ ਉੱਪਰ ਸਰਕਾਰੀ ਹਸਪਤਾਲ ਦੇ ਸਾਹਮਣੇ ਜੋ ਪੁਰਾਣਾ ਨਹਿਰੀ ਖਾਲ ਹੁੰਦਾ ਸੀ, ਉਸ
ਸਰਕਾਰੀ ਜਗ੍ਹਾ *ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਜਾਇਜ਼ ਕਬਜ਼ੇ ਕੀਤੇ ਗਏ ਹਨ. ਇੰਨ੍ਹਾਂ ਨਜਾਇਜ਼ ਕਬਜਿਆਂ ਨੂੰ ਹਟਾਉਣ ਲਈ ਮਾਨਸਾ ਸ਼ਹਿਰ ਦੇ ਵੱਖ ਵੱਖ
ਰਾਜਨੀਤਿਕ ਪਾਰਟੀਆਂ ਅਤੇ ਸੰਵਿਧਾਨ ਬਚਾਓ ਮੰਚ ਪੰਜਾਬ ਦਾ ਵਫਦ ਅੱਜ ਐਸਡੀਐਮ ਮਾਨਸਾ ਨੂੰ ਮਿਲਿਆ ਅਤੇ ਐਸਡੀਐਮ ਮਾਨਸਾ ਨੂੰ ਦੱਸਿਆ ਕਿ ਕਿਸ
ਤਰ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਇਸ ਨਹਿਰੀ ਖਾਲ ਵਾਲੀ ਸਰਕਾਰੀ ਜਗ੍ਹਾ ਉੱਪਰ ਮਾਨਸਾ ਦੇ ਕੁੱਝ ਰਸੂਖਦਾਰ ਵਿਅਕਤੀਆਂ ਵੱਲੋਂ ਕਬਜ਼ਾ ਕੀਤਾ ਗਿਆ ਹੈ,
ਉਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ.
ਇਸਤੇ ਐਸਡੀਐਮ ਮਾਨਸਾ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਇਸ ਵਫਦ ਨੂੰ ਦਿੱਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਸਰਕਾਰੀ
ਜਗ੍ਹਾ ਉਪਰ ਕਿਸੇ ਨੂੰ ਵੀ ਨਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ. ਇਸ ਵਫਦ ਦੀ ਅਗਵਾਈ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕੀਤੀ. ਉਨ੍ਹਾਂ ਕਿਹਾ
ਕਿ ਸ਼ਹਿਰ ਵਿੱਚ ਸਭ ਤੋਂ ਪ੍ਰਮੁੱਖ ਜਗ੍ਹਾ ਸਰਕਾਰੀ ਹਸਪਤਾਲ ਹੁੰਦਾ ਹੈ ਜਿਥੇ ਤੰਗ ਰਾਸਤੇ ਕਾਰਣ ਮਰੀਜ਼ਾਂ ਅਤੇ ਐਂਬੂਲੈਂਸਾਂ ਨੂੰ ਆਉਣ ਜਾਣ ਵਿੱਚ ਬਹੁਤ ਵੱਡੀ
ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ. ਇਸ ਲਈ ਇਸ ਸਰਕਾਰੀ ਜਗ੍ਹਾ ਉਪਰ ਜੋ ਨਜਾਇਜ਼ ਕਬਜੇ ਹਨ ਉਨ੍ਹਾ ਨੂੰ ਹਟਾਉਣ ਲਈ ਮਾਨਸਾ ਦੀਆਂ ਸਾਰੀਆਂ
ਸਮਾਜਿਕ, ਰਾਜਨੀਤਿਕ ਅਤੇ ਸੰਘਰਸ਼^ਸ਼ੀਲ ਜਥੇਬੰਦੀਆਂ ਨੂੰ ਨਾਲ ਲੈ ਕੇ ਅਗਾਂਹ ਦੀ ਰਣਨੀਤੀ ਬਣਾਈ ਜਾਵੇਗੀ. ਇਸ ਕੜੀ ਅਧੀਨ ਅੱਜ ਉਹਨਾਂ ਵੱਲੋਂ ਸਭ
ਤੋਂ ਪਹਿਲਾਂ ਐਸਡੀਐਮ ਨਾਲ ਮੁਲਾਕਾਤ ਕੀਤੀ ਗਈ, ਇਸਤੋਂ ਬਾਦ ਇਸ ਮਸਲੇ ਉਪਰ ਹੋਰ ਉਚ ਅਫਸਰਾਂ ਨੂੰ ਵੀ ਮਿਲਿਆ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ
ਅਦਾਲਤ ਵਿੱਚ ਵੀ ਸ਼ਹਿਰ ਵਾਸੀ ਇਸ ਮਸਲੇ ਦੀ ਪੈਰਵੀ ਕਰਨਗੇ ਅਤੇ ਜੇ ਲੋੜ ਪਈ ਤਾਂ ਸਾਰੀਆਂ ਜਥੇਬੰਦੀਆਂ ਸੰਘਰਸ਼ ਵਿੱਢਣ ਲਈ ਵੀ ਤਿਆਰ ਹਨ.
ਇਸ ਸਮੇਂ ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ ਐਡਵੋਕੇਟ, ਡਾ. ਧੰਨਾ ਮੱਲ ਗੋਇਲ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼
ਐਸੋਸੀਏਸ਼ਨ ਪੰਜਾਬ, ਕ੍ਰਿਸ਼ਨ ਚੌਹਾਨ ਸੀਪੀਆਈ, ਆਤਮਾ ਸਿੰਘ ਪਮਾਰ ਬੀਐਸਪੀ, ਕਾ. ਮੇਜਰ ਸਿੰਘ ਦੂਲੋਵਾਲ ਸੀਪੀਆਈ (ਪਾਸਲਾ), ਗੋਰਾ ਲਾਲ ਅਤਲਾ
ਅਤੇ ਈਸ਼ਵਰ ਦਾਸ ਐਡਵੋਕੇਟ ਆਦਿ ਹਾਜ਼ਰ ਸਨ.