ਚੰਡੀਗੜ੍ਹ (ਸਾਰਾ ਯਹਾ) : ਕਰੋਨਾ ਲਾਗ ਕਾਰਨ ਜਾਰੀ ਤਾਲਾਬੰਦੀ ਦੌਰਾਨ ਜ਼ਰੂਰੀ ਸਾਮਾਨ ਦੀਆਂ ਗੱਡੀਆਂ ਨੂੰ ਨਾ ਰੋਕਣ ਦੇ ਆਦੇਸ਼ਾਂ ਦੀ ਸ਼ਰਾਬ ਕਾਰੋਬਾਰੀਆਂ ਵੱਲੋਂ ਖੂਬ ਦੁਰਵਰਤੋਂ ਕੀਤੀ ਗਈ। ਸ਼ਰਾਬ ਦੇ ਠੇਕੇ ਬੰਦ ਹੋਣ ਦੇ ਬਾਵਜੂਦ ਦਾਰੂ ਦੀਆਂ ਲਹਿਰਾਂ-ਬਹਿਰਾਂ ਲੱਗੀਆਂ ਰਹੀਆਂ। ਇਸ ਦਾ ਖੁਲਾਸੇ ਹੋ ਚੁੱਕੇ ਹਨ। ਤਾਜ਼ਾ ਮਾਮਲਾ ਹੈਰਾਨ ਕਰ ਦੇਣ ਵਾਲਾ ਹੈ। ਇੱਥੇ ਦੁੱਧ ਵਾਲੇ ਟੈਂਕਰ ਵਿੱਚ ਹੀ ਸ਼ਰਾਬ ਭਰਿਆ ਹੋਇਆ ਸੀ।
ਚੰਡੀਗੜ੍ਹ ਪੁਲਿਸ ਨੇ ਦੁੱਧ ਦੇ ਟੈਂਕਰ ’ਚੋਂ 440 ਪੇਟੀਆਂ ਸ਼ਰਾਬ (21,120 ਪਊਏ) ਬਰਾਮਦ ਕੀਤੀ ਹੈ, ਜੋ ਚੰਡੀਗੜ੍ਹ ਤੋਂ ਗੁਜਰਾਤ ਲਿਜਾਈ ਜਾਣੀ ਸੀ। ਪੁਲਿਸ ਨੇ ਟੈਂਕਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਗੌਰਵ ਖੱਤਰੀ ਵਾਸੀ ਫੇਸ-5 ਮੁਹਾਲੀ ਵਜੋਂ ਹੋਈ ਹੈ।
ਹਾਸਲ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪੋਲਟਰੀ ਫਾਰਮ ਚੌਕ, ਚੰਡੀਗੜ੍ਹ ’ਚ ਨਾਕਾਬੰਦੀ ਕਰਕੇ ਗੁਜਰਾਤ ਦੇ ਨੰਬਰ ਦੇ ਦੁੱਧ ਦੇ ਟੈਂਕਰ ’ਚੋਂ 440 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ।