ਮਾਨਸਾ, 19 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) ਸਿਵਲ ਹਸਪਤਾਲ ਮਾਨਸਾ ’ਚ ਆਈਸੋਲੇਟ ਕੀਤੇ ਕੋਰੋਨਾ ਮਰੀਜ਼ਾਂ ਵਿੱਚੋਂ ਅੱਜ 2 ਵਿਅਕਤੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਲਾਲ ਚੰਦ ਠਕਰਾਲ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ’ਚੋਂ ਇਕ ਮਰੀਜ਼ ਦਿੱਲੀ ਤੋਂ ਆਇਆ ਸੀ ਅਤੇ ਦੂਸਰਾ ਨੋਇਡਾ ਵਿਖੇ ਕੰਮ ਕਰਦਾ ਸੀ। ਇਨ੍ਹਾਂ ਵਿਅਕਤੀਆਂ ਨੂੰ ਇਕਾਂਤਵਾਸ ਕਰਨ ਤੋਂ ਬਾਅਦ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।ਸਿਵਲ ਸਰਜਨ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਸਿਹਤ ਵਿਭਾਗ ਦੀਆਂ ਨਵੀਆਂ ਹਦਾਇਤਾਂ ਅਨੁਸਾਰ 2 ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਘਰਾਂ ਵਿੱਚ ਘੱਟ ਤੋਂ ਘੱਟ 10 ਦਿਨ ਲਈ ਇਕਾਂਤਵਾਸ ਕਰਨ, ਮਾਸਕ ਦੀ ਵਰਤੋਂ ਕਰਨ ਅਤੇ ਸਮਾਜਿਕ ਦੂਰੀ ਆਦਿ ਸਾਵਧਾਨੀਆਂ ਦੀ ਵਰਤੋਂ ਕਰਨ ਬਾਰੇ ਕਿਹਾ ਗਿਆ, ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਤਕਲੀਫ਼ ਹੁੰਦੀ ਹੈ ਤਾਂ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ। ਇਨ੍ਹਾਂ ਇਕਾਂਤਵਾਸ ਕੀਤੇ ਵਿਅਕਤੀਆਂ ਦਾ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਰੋਜ਼ਾਨਾ ਚੈਕਅਪ ਕੀਤਾ ਜਾਇਆ ਕਰੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮਾਨਸਾ ਵਿੱਚ ਕੋਰੋਨਾ ਪਾਜ਼ੀਟਿਵ ਕੇਸ 33 ਹਨ, ਜਿੰਨ੍ਹਾਂ ਵਿੱਚੋਂ ਹੁਣ ਤੱਕ ਕੁੱਲ 21 ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਅਤੇ 12 ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ ਮਾਨਸਾ ਵਿਖੇ ਚੱਲ ਰਿਹਾ ਹੈ, ਜਿੰਨ੍ਹਾਂ ਦੀ ਦੇਖ ਰੇਖ ਮਾਹਿਰ ਡਾਕਟਰਾਂ ਦੁਆਰਾ ਕੀਤੀ ਜਾ ਰਹੀ ਹੈ। ਬਲਾਕ ਖਿਆਲਾ ਕਲਾਂ ਵਿਖੇ 17 ਮਈ ਨੂੰ ਪੁਲਿਸ ਮੁਲਾਜ਼ਮ, ਲੇਬਰ ਆਦਿ ਵਿਅਕਤੀਆਂ ਦੇ 56 ਸੈਂਪਲ ਲੈ ਕੇ ਭੇਜੇ ਗਏ ਸਨ, ਜਿੰਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹੀ ਹਰ ਕੋਰੋਨਾ ਮਰੀਜ਼ ਆਪਣਾ ਇਲਾਜ ਅਤੇ ਇਕਾਂਤਵਾਸ ਵਿੱਚ ਰਹਿ ਕੇ ਕੋਰੋਨਾ ਵਾਇਰਸ ਨੂੰ ਹਰਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲਾਕਡਾਊਨ ਦੌਰਾਨ ਪ੍ਰਸ਼ਾਸਨ ਦਾ ਸਹਿਯੋਗ ਕਰਨ, ਘਰਾਂ ਤੋਂ ਬਾਹਰ ਨਾ ਨਿਕਲਣ, ਸਿਰਫ਼ ਜ਼ਰੂਰੀ ਕੰਮ ਲਈ ਹੀ ਆਪਣੇ ਘਰ ਤੋਂ ਬਾਹਰ ਜਾਇਆ ਜਾਵੇ, ਘਰ ਤੋਂ ਬਾਹਰ ਜਾਣ ਲੱਗੇ ਮਾਸਕ ਦੀ ਵਰਤੋਂ ਕੀਤੀ ਜਾਵੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ। ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਇਆ ਜਾਵੇ ਅਤੇ ਸੁੱਕੀ ਖੰਘ, ਜੁਕਾਮ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਤੇ ਆਪਣੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਸਿਹਤ ਸੇਵਾਵਾਂ ਲਈ ਚਲਾਈ ਗਈ ਈ-ਸੰਜੀਵਨੀ ਆਨਲਾਈਨ ਓ.ਪੀ.ਡੀ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।