ਸਰਕਾਰੀ ਹਦਾਇਤਾਂ ਦੀ ਉੱਡੀਆਂ ਧੱਜੀਆਂ..!! ਲਾਭਪਾਤਰੀ ਫਾਰਮ ਭਰਨ ਲਈ ਸੁਵਿਧਾ ਕੇਂਦਰ ਵਿੱਚ ਲੱਗੀਆਂ ਲੰਬੀਆਂ ਲਾਈਨਾਂ

0
240

ਬੁਢਲਾਡਾ 18, ਮਈ( (ਸਾਰਾ ਯਹਾ/ ਅਮਨ ਮਹਿਤਾ ):  ਕਰੋਨਾ ਵਾਇਰਸ ਦੇ ਚੱਲਦਿਆਂ ਲਗਾਏ ਗਏ ਕਰਫਿਊ ਦੌਰਾਨ ਸੁਵਿਧਾ ਕੇਂਦਰ ਬੰਦ ਹੋਣ ਤੋਂ ਬਾਅਦ ਕਿਰਤੀ ਮਜ਼ਦੂਰਾ ਲਈ ਲਾਭਪਾਤਰੀ ਕਾਰਡਾਂ ਦਾ  ਕੰਮ ਬੰਦ ਹੋ ਗਿਆ ਸੀ। ਜਿਸ ਤੋਂ ਬਾਅਦ ਲੋਕਾਂ ਨੇ ਫਾਰਮ ਭਰ ਕੇ ਆਪਣੀਆਂ ਫਾਈਲਾਂ ਤਿਆਰ ਕਰ ਲਈਆਂ ਸਨ।  ਜਿਸ ਤੋਂ ਬਾਅਦ ਅੱਜ ਸਰਕਾਰ ਵੱਲੋਂ ਸੁਵਿਧਾ ਕੇਂਦਰ ਖੋਲ੍ਹਣ ਤੋਂ ਬਾਅਦ  ਕੇਂਦਰਾਂ ਦੇ ਬਾਹਰ ਲਾਲ ਕਾਪੀਆਂ ਦੇ ਲਾਭਪਾਤਰੀ ਕਾਰਡ ਫਾਰਮ ਜਮ੍ਹਾਂ ਕਰਵਾਉਣ ਲਈ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਜਿਸ ਨਾਲ ਸੋਸ਼ਲ ਡਿਸਟੈਸ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਜਿਸ ਨਾਲ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਆਧਾਰ ਕਾਰਡ ਜਾਂ ਹੋਰ ਸੁਵਿਧਾਵਾਂ ਵਾਲੇ ਕੰਮ ਕਰਵਾਉਣ ਲਈ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਸਵੀਰ ਸਿੰਘ ਖੁਡਾਲ ਸਮੇਤ ਹੋਰ ਲੋਕਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਸੁਵਿਧਾ ਕੇਂਦਰ ਵਿਚ ਆਪਣੇ ਕੰਮ ਕਰਵਾਉਣ ਲਈ ਆਏ ਹੋਏ ਸਨ ਪਰ ਸੁਵਿਧਾ ਕੇਂਦਰ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਦੇ ਬਾਵਜੂਦ ਮੁਲਾਜ਼ਮਾਂ ਵੱਲੋਂ ਗੇਟ ਨੂੰ ਬੰਦ ਕੀਤਾ ਹੋਇਆ ਹੈ ਅਤੇ ਅੰਦਰ ਸਿਰਫ ਇੱਕ ਹੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ ਇੱਥੇ ਆਪਣੇ ਆਧਾਰ ਕਾਰਡ ਵਿਚ ਗਲਤੀ ਠੀਕ ਕਰਵਾਉਣ ਲਈ ਫਾਰਮ ਲੈਣ ਆਏ ਸਨ ਪਰ ਸਵੇਰ ਤੋਂ ਲਾਈਨ ਵਿੱਚ ਲੱਗੇ ਹੋਣ ਕਾਰਨ ਉਨ੍ਹਾਂ ਨੂੰ ਅਜੇ ਤੱਕ ਫਾਰਮ ਵੀ ਪ੍ਰਾਪਤ ਨਹੀਂ ਹੋਇਆ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਨੂੰ ਬਾਹਰ ਬੈਠਿਆਂ ਨੂੰ ਫਾਰਮ ਦੇਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਫਾਰਮ ਭਰ ਕੇ ਰੱਖ ਸਕਣ ਅਤੇ ਵਾਰੀ ਆਉਣ ਤੇ ਜਮ੍ਹਾਂ ਕਰਵਾ ਸਕਣ। ਇਸ ਸਬੰਧੀ ਜਦੋਂ ਲੇਬਰ ਇੰਸਪੈਕਟਰ ਅਜੈਬ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਵਾਲੇ ਕਾਰਡ ਸਿਰਫ ਉਸਾਰੀ ਕਿਰਤੀਆਂ ਵਾਸਤੇ ਹੀ ਬਣਾਏ ਜਾਣਗੇ । ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੇ ਲਾਭਪਾਤਰੀ ਕਾਰਡ ਪਹਿਲਾਂ ਬਣੇ ਹੋਏ ਸਨ ਉਨ੍ਹਾਂ ਦੀਆਂ ਦੋ ਕਿਸ਼ਤਾਂ ਸਰਕਾਰ ਵੱਲੋਂ ਪਾ ਦਿੱਤੀਆਂ ਗਈਆ ਹਨ ਪਰ ਅਜੇ ਪੁਰਾਣੇ ਜਾਂ ਨਵੇਂ ਬਣ ਰਹੇ ਕਾਰਡਾਂ ਦੀ ਰਾਸ਼ੀ ਅੱਗੇ ਜਾਰੀ ਹੋਵੇਗੀ ਜਾਂ ਨਹੀਂ। ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਉਸਾਰੀ ਕਿਰਤੀਆਂ ਸਬੰਧੀ ਯੋਗ ਪਾਏ ਜਾਣਗੇ ਉਨ੍ਹਾਂ ਦੇ ਹੀ ਨਵੇਂ ਕਾਰਡ ਬਣਾਏ ਜਾਣਗੇ। ਬਾਕੀਆਂ ਦੇ ਜੋ ਵੀ ਫਾਰਮ ਭਰੇ ਗਏ ਹਨ ਉਹ ਰੱਦ ਕੀਤੇ ਜਾਣਗੇ। ਇਸ ਸਬੰਧੀ ਐਸਡੀਐਮ ਬੁਢਲਾਡਾ ਅਦਿੱਤਿਆ ਡੇਚਲਵਾਲ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਸੁਵਿਧਾ ਕੇਂਦਰ ਦੇ ਬਾਹਰ ਸੈਨੇਟਾਈਜ਼ਰ ਅਤੇ ਹੋਰ ਸਹੂਲਤਾਂ ਦਾ ਸਾਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਭੀੜ ਨੂੰ ਦੇਖਦੇ ਹੋਏ ਪੁਲਿਸ ਮੁਲਾਜ਼ਮਾਂ ਦੀ ਵੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਸੋਸ਼ਲ ਡਿਸਟੈਸ ਦਾ ਧਿਆਨ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਵੀ ਜਲਦੀ ਹੀ ਕੀਤਾ ਜਾਵੇਗਾ।

LEAVE A REPLY

Please enter your comment!
Please enter your name here