ਮਾਨਸਾ, 11 ਮਈ 11 ਮਈ (ਸਾਰਾ ਯਹਾ/ਬਲਜੀਤ ਸ਼ਰਮਾ) : ਕੋਰੋਨਾ ਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਸਮੂਹ ਲੋਕਾਂ ਨੂੰ ਕੋਵਿਡ-19 ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਕਰਫਿਊ ਲਗਾਇਆ ਹੋਇਆ ਹੈ। ਜ਼ਿਲ੍ਹਾ ਮਾਨਸਾ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਰੋਕਥਾਮ ਲਈ ਜ਼ਿਲ੍ਹਾ ਮਾਨਸਾ ਨੂੰ ਸੰਤਰੀ ਜੋਨ ਵਜੋਂ ਸ਼੍ਰੇਣੀ ਬੱਧ ਕੀਤਾ ਗਿਆ ਹੈ।
ਇਸੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮਾਨਸਾ ਵਿੱਚ ਵੱਖ-ਵੱਖ ਕਿਸਮ ਦੇ ਵਸੀਕਿਆਂ ਦੀ ਰਜਿਸਟ੍ਰੇਸ਼ਨ ਦੇ ਕੰਮ ਨੂੰ ਮੁੜ ਸ਼ੁਰੂ ਕਰਨ ਲਈ ਹੁਕਮ ਜਾਰੀ ਕੀਤੇ ਹਨ। ਹੁਕਮ ਅਨੁਸਾਰ ਜ਼ਿਲ੍ਹਾ ਮਾਨਸਾ ਸੰਤਰੀ ਜੋਨ ਹੈ। ਇਸ ਲਈ ਆਨ ਲਾਈਨ ਸਿਸਟਮ ਰਾਹੀਂ ਦਸਤਾਵੇਜ਼ਾਂ ਨੂੰ ਰਜਿਸਟਰ ਕਰਵਾਉਣ ਲਈ ਮੌਜੂਦਾ ਨਿਸ਼ਚਿਤ ਗਿਣਤੀ ਦੇ 33 ਫੀਸਦੀ ਗਿਣਤੀ ਮਿੱਥ ਕੇ ਵਸੀਕੇ ਰਜਿਸਟਰ ਕੀਤੇ ਜਾਣਗੇ। ਊਨ੍ਹਾਂ ਦੱਸਿਆ ਕਿ ਆਨ ਲਾਈਨ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਕੰਮ ਵਿੱਚ ਬਾਇਓਮੈਟ੍ਰਿਕ ਹਾਲ ਦੀ ਘੜੀ ਬੰਦ ਰੱਖੇ ਜਾਣਗੇ। ਵਸੀਅਤ ਦੇ ਦਸਤਾਵੇਜ਼ਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਸਿਸਟਮ ਰਾਹੀਂ ਆਨ-ਲਾਈਨ ਰਜਿਸਟਰਡ ਕੀਤਾ ਜਾਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਕਤ ਤੋਂ ਇਲਾਵਾ ਹੋਰ ਦਸਤਾਵੇਜ਼ਾਂ ਨੂੰ ਆਨ-ਲਾਈਨ ਰਜਿਸਟਰਡ ਕਰਵਾਉਣ ਵਾਲੇ ਦੀ ਫੋਟੋ ਰੀਅਲ ਟਾਈਮ ਅਤੇ ਆਨ ਲਾਈਨ ਪਹਿਲਾਂ ਵਾਂਗ ਹੀ ਲਈ ਜਾਵੇਗੀ ਜਦਕਿ ਵਸੀਕੇ ਨਾਲ ਸਬੰਧਤ ਖਰੀਦ/ਦੂਜੀ ਧਿਰ ਅਤੇ ਗਵਾਹਾਨ ਆਦਿ ਦੀਆਂ ਤਾਜ਼ਾ ਪਾਸਪੋਰਟ ਸਾਈਜ਼, ਸਵੈ ਤਸਦੀਕ ਕੀਤੀਆਂ ਫੋਟੋਆਂ ਦਸਤਾਵੇਜਾਂ ਉਤੇ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਖੂਨੀ ਰਿਸ਼ਤਿਆਂ ਵਿੱਚ ਕੀਤੇ ਜਾਂਦੇ ਤਬਦੀਲ ਮਲਕੀਅਤ ਦੇ ਵਸੀਕਿਆਂ ਨੂੰ ਰਜਿਸਟਰ ਕਰਨ ’ਤੇ ਪੂਰਨ ਰੋਕ ਹੋਵੇਗੀ ਅਤੇ ਇਸ ਮੁੱਦੇ ਸਬੰਧੀ ਫੈਸਲਾ ਮੌਜਦਾ ਸਥਿਤੀ ਨੂੰ ਵਿਚਾਰ ਕੇ ਬਾਅਦ ਵਿੱਚ ਲਿਆ ਜਾਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਚਹਿਲ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਦੇ ਕੰਮ ਤੋਂ ਇਲਾਵਾ ਮਾਲ ਵਿਭਾਗ ਵਿੱਚ ਫਰਦ ਕੇਂਦਰ ਵੀ ਖੋਲ੍ਹੇ ਜਾਣਗੇ ਜੋ ਕਿ ਆਮ ਦਿਨਾਂ ਵਾਂਗ ਹੀ ਕੰਮ ਕਰਨਗੇ ਅਤੇ ਇਸ ਦੇ ਨਾਲ ਹੀ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਦੇ ਅਸ਼ਟਾਮ ਫਰੋਸ਼, ਵਸੀਕਾ ਨਵੀਸ, ਕੰਪਿਊਟਰ ਆਪਰੇਟਰ, ਫੋਟੋਗ੍ਰਾਫਰ ਅਤੇ ਅਰਜੀ ਨਵੀਸ ਆਦਿ ਵੀ ਉਕਤ ਸਾਰੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਣਾ ਕੰਮ ਸ਼ੁਰੂ ਕਰ ਲੈਣਗੇ। ਸਬ-ਰਜਿਸਟਰਾਰ/ਸੰਯੁਕਤ ਰਜਿਸਟਰਾਰ ਦਫ਼ਤਰਾਂ ਵਿੱਚ ਰਜਿਸਟੇ੍ਰਸ਼ਨ ਦੇ ਸਮੇਂ ਅਤੇ ਫਰਦ ਕੇਂਦਰ ਵਿੱਚ ਡਿਊਟੀ ਕਰਦੇ ਸਮੇਂ ਅਤੇ ਤਹਿਸੀਲ ਵਿੱਚ ਕੰਮ ਕਰਦੇ ਵਸੀਕਾਂ ਨਵੀਸਾਂ, ਅਸ਼ਟਾਮ ਫਰੋਸ਼ ਅਰਜੀ ਨਵੀਸ, ਫੋਟੋਗਾ੍ਰਫਰ ਅਤੇ ਕੰਪਿਊਟਰ ਅਪਰੇਟਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਸੁਰੱਖਿਆ ਸਬੰਧੀ ਵੱਖ-ਵੱਖ ਸਮੇਂ ਜਾਰੀ ਕੀਤੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ ਅਤੇ ਮੌਜੂਦਾ ਭੁਗੋਲਿਕ ਸਥਿਤੀ ਨੂੰ ਮੁੱਖ ਰੱਖਦੇ ਹੋਏ ਕਰਮਚਾਰੀਆਂ ਅਤੇ ਆਮ ਪਬਲਿਕ ਵੱਲੋਂ ਆਪਸ ਵਿੱਚ ਸਮਾਜਿਕ ਦੂਰੀ ਬਣਾਈ ਜਾਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਕਤ ਅਨੁਸਾਰ ਰਜਿਸਟ੍ਰੇਸ਼ਨ ਦਾ ਕੰਮ 11 ਮਈ ਤੋਂ ਸ਼ੁਰੂ ਹੈ ਅਤੇ ਇਹ ਕੰਮ ਦਿਨ ਸੋਮਵਾਰ ਤੋਂ ਦਿਨ ਸ਼ੁੱਕਰਵਾਰ ਤੱਕ ਰੋਜ਼ਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਜਿਸਟੇ੍ਰਸ਼ਨ ਦਾ ਕੰਮ ਸਬੰਧਤ ਅਧਿਕਾਰੀਆਂ ਵੱਲੋਂ ਖੁਲ੍ਹੇ ਏਰੀਏ/ਵਰਾਂਡੇ ਵਿੱਚ ਕੀਤਾ ਜਾਵੇਗਾ ਅਤੇ ਇਹ ਕੰਮ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਫ਼ਤਰੀ ਕੰਮ ਸ਼ੁਰੂ ਕਰਨ ਸਮੇਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਸੁਰੱਖਿਆ ਸਬੰਧੀ ਵੱਖ-ਵੱਖ ਸਮੇਂ ਜਾਰੀ ਕੀਤੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਸ਼੍ਰੀ ਚਹਿਲ ਨੇ ਕਿਹਾ ਕਿ ਇਸ ਤੋਂ ਇਲਾਵਾ ਸਬ ਰਜਿਸਟਰਾਰ/ਸੰਯੁਕਤ ਰਜਿਸਟਰਾਰ ਦੇ ਏਰੀਏ ਵਿੱਚ ਪੈਂਦੀਆਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕੰਮ ਵਾਲੇ ਦਿਨਾਂ ’ਚ ਸਵੇਰੇ ਅਤੇ ਸ਼ਾਮ ਨੂੰ ਇਨ੍ਹਾਂ ਦਫ਼ਤਰਾਂ ਨੂੰ ਸੈਨੀਟਾਈਜ਼ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਪਰੋਕਤ ਦੇ ਹੁਕਮਾਂ ਦੇ ਸਨਮੁੱਖ ਸਮੂਹ ਐਸ.ਡੀ.ਐਮਜ਼ ਨੂੰ ਅਧਿਕਾਰਤ ਕੀਤਾ ਜਾਂਦਾ ਹੈ ਕਿ ਜੇਕਰ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਦੇ ਵਸੀਕਾ ਨਵੀਸਾਂ ਅਸ਼ਟਾਮ ਫਰੋਸ਼ਾਂ/ਅਰਜ਼ੀ ਨਵੀਸਾਂ, ਫੋਟੋਗ੍ਰਾਫਰਾਂ ਅਤੇ ਕੰਪਿਊਟਰ ਆਪ੍ਰੇਟਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਨਹੀਂ ਬਣਾਈ ਜਾਂਦੀ ਤਾਂ ਉਸ ਦਾ ਲਾਇਸੰਸ ਨਿਯਮਾਂ ਅਨੁਸਾਰ ਸਸਪੈਂਡ ਕਰਕੇ ਇਸ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ।