ਮਾਨਸਾ 7 ਮਈ (ਸਾਰਾ ਯਹਾ,ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜੋ ਪ੍ਰਵਾਸੀ ਵਿਅਕਤੀ ਆਪਣੇ ਰਾਜਾਂ ਵਿੱਚ ਆਪਣੀ ਇੱਛਾ ਅਨੁਸਾਰ ਵਾਪਸ ਜਾਣ ਦੇ ਚਾਹਵਾਨ ਸਨ, ਉਨ੍ਹਾਂ ਦੀਆਂ ਆਨਲਾਈਨ ਪ੍ਰਾਪਤ ਦਰਖ਼ਾਸਤਾਂ ਦੇ ਅਧਾਰ ’ਤੇ ਉਨ੍ਹਾਂ ਦੀ ਜ਼ਿਲ੍ਹੇ ਦੀਆਂ ਤਿੰਨੋਂ ਸਬ-ਡਵੀਜ਼ਨਾਂ ਵਿੱਚ ਸਕਰੀਨਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਾਨਸਾ ਸਬ-ਡਵੀਜ਼ਨ ਵਿੱਚ ਐਸ.ਡੀ.ਐਮ. ਸ਼੍ਰੀਮਤੀ ਸਰਬਜੀਤ ਕੌਰ, ਬੁਢਲਾਡਾ ਵਿਖੇ ਸ਼੍ਰੀ ਆਦਿਤਯ ਡੇਚਲਵਾਲ ਅਤੇ ਸਰਦੂਲਗੜ੍ਹ ਵਿਖੇ ਸ਼੍ਰੀ ਰਾਜਪਾਲ ਸਿੰਘ ਦੀ ਨਿਗਰਾਨੀ ਹੇਠ ਸਕਰੀਨਿੰਗ ਦੀ ਪ੍ਰਕ੍ਰਿਆ ਮੁਕੰਮਲ ਕੀਤੀ ਗਈ।
ਕੀਤੀ ਗਈ ਸਕਰੀਨਿੰਗ ਸਬੰਧੀ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਮੈਡੀਕਲ ਸਕਰੀਨਿੰਗ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ, ਭਾਰਤ ਗਰੁੱਪ ਆਫ ਕਾਲਜ ਖੈਰਾ ਖੁਰਦ ਰੋਡ ਸਰਦੂਲਗੜ੍ਹ ਅਤੇ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਉਕਤ ਮੈਡੀਕਲ ਸਕਰੀਨਿੰਗ ਦੌਰਾਨ ਸਿਹਤ ਵਿਭਾਗ ਵੱਲੋਂ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿਖੇ 5 ਮੈਡੀਕਲ ਟੀਮਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਰੇਕ ਟੀਮ ਵਿੱਚ ਇਕ ਮੈਡੀਕਲ ਅਫਸਰ, ਕਮਿਊਨਟੀ ਹੈਲਥ ਅਫਸਰ, ਮਲਟੀਪਰਪਜ ਹੈਲਥ ਵਰਕਰ ਮੇਲ ਅਤੇ ਫੀਮੇਲ, ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬੰਧਤ ਵਿਅਕਤੀਆਂ ਦੀ ਰਜਿਸਟੇ੍ਰਸ਼ਨ ਲਈ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੀ ਡਿਊਟੀ ਲਗਾਈ ਗਈ। ਇਸ ਕੈਂਪ ਵਿੱਚ ਪੁਲਿਸ ਪ੍ਰਸ਼ਾਸਨ ਨੇ ਸਮਾਜਿਕ ਦੂਰੀ ਨੂੰ ਚੰਗੇ ਤਰੀਕੇ ਨਾਲ ਬਰਕਰਾਰ ਰੱਖਣ ਵਿੱਚ ਅਹਿਮ ਰੋਲ ਅਦਾ ਕੀਤਾ।
ਸਿਵਲ ਸਰਜਨ ਡਾ. ਠਕਰਾਲ ਨੇ ਦੱਸਿਆ ਕਿ ਸਵੇਰ ਦੇ 8:30 ਵਜੇ ਤੋਂ ਦੁਪਿਹਰ 1:00 ਵਜੇ ਤੱਕ 435 ਵਿਅਕਤੀਆਂ ਦੀ ਮੈਡੀਕਲ ਸਕਰੀਨਿੰਗ ਕਰਕੇ ਸਿਹਤ ਪ੍ਰਮਾਣ ਪੱਤਰ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਮਾਨਸਾ ਵਿਖੇ 290, ਬਲਾਕ ਬੁਢਲਾਡਾ 118 ਅਤੇ ਸਰਦੂਲਗੜ੍ਹ 27 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ।
ਇਸ ਮੌਕੇ ਤਹਿਸੀਲਦਾਰ ਮਾਨਸਾ ਸ਼੍ਰੀ ਅਮਰਜੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਖ਼ਿਆਲਾ ਕਲਾਂ ਡਾ. ਨਵਜੋਤ ਪਾਲ ਸਿੰਘ ਭੁੱਲਰ, ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਮਿੰਦਰ ਸਿੰਘ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਸ਼੍ਰੀ ਹਰਦੀਪ ਸਿੱਧੂ, ਸੈਨੇਟਰੀ ਇੰਸਪੈਕਟਰ ਨਗਰ ਕੌਂਸਲ ਸ਼੍ਰੀ ਬਲਜਿੰਦਰ ਸਿੰਘ, ਸ੍ਰੀ ਕੇਵਲ ਸਿੰਘ, ਸ੍ਰੀ ਸੰਦੀਪ ਸਿੰਘ ਮੌਜੂਦ ਸਨ।