ਕੈਪਟਨ ਨੇ ਕੁਆਰੰਟੀਨ ਨਿਯਮ ਬਦਲੇ, ਦੂਜੇ ਸੂਬਿਆਂ ਤੋਂ ਆਏ ਪੰਜਾਬੀਆਂ ਕਾਰਨ ਹਰਕਤ ‘ਚ ਆਈ ਸਰਕਾਰ

0
300

ਚੰਡੀਗੜ੍ਹ: ਕੋਰੋਨਾਵਾਇਰਸ ਦੀ ਰੋਕਥਾਮ ਲਈ ਕੀਤੀ ਤਾਲਾਬੰਦੀ/ਕਰਫਿਊ ਦੌਰਾਨ ਪੰਜਾਬ ਵਿੱਚ ਬਾਹਰੋਂ ਆਏ ਕਿਸੇ ਵੀ ਵਿਅਕਤੀ ਨੂੰ ਲਾਜ਼ਮੀ ਤੌਰ ‘ਤੇ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ। ਬੇਸ਼ੱਕ ਉਕਤ ਵਿਅਕਤੀ ਦੀ ਕੋਰੋਨਾ ਜਾਂਚ ਪੌਜ਼ਿਟਿਨ ਆਵੇ ਜਾਂ ਨੈਗੇਟਿਵ, ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਪਿੰਡ ਪੱਧਰ ‘ਤੇ ਏਕਾਂਤਵਾਸ ਵਜੋਂ ਐਲਾਨੀਆਂ ਇਮਾਰਤਾਂ ਵਿੱਚ ਰੱਖਿਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ।

https://m.facebook.com/PunjabGovtIndia/?__tn__=C-R

ਦਰਅਸਲ, ਵੱਖ-ਵੱਖ ਡਿਪਟੀ ਕਮਿਸ਼ਨਰਾਂ ਵੱਲੋਂ ਹਾਲ ਹੀ ਦੇ ਦਿਨਾਂ ਵਿੱਚ ਦੂਜੇ ਸੂਬਿਆਂ ਤੋਂ ਕੋਵਿਡ ਪ੍ਰਭਾਵਿਤ ਮਰੀਜ਼ਾਂ ਦੇ ਆਉਣ ਦੇ ਮਾਮਲੇ ਬਾਰੇ ਡੂੰਘੀ ਚਿੰਤਾ ਜ਼ਾਹਰ ਕੀਤੀ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਇਹ ਤਾਜ਼ਾ ਹੁਕਮ ਜਾਰੀ ਕੀਤੇ ਹਨ। ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਐਸ.ਐਸ.ਪੀਜ਼/ਪੁਲਿਸ ਕਮਿਸ਼ਨਰਜ਼ ਨਾਲ ਚੱਲੀ ਮੈਰਾਥਨ ਵੀਡਿਓ ਕਾਨਫਰੰਸ ਵਿੱਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬਾਹਰ ਤੋਂ ਆਉਣ ਵਾਲੇ ਹਰ ਵਿਅਕਤੀ ਨੂੰ 21 ਦਿਨਾਂ ਦਾ ਏਕਾਂਤਵਾਸ ਸਮਾਂ ਪੂਰਾ ਹੋਣ ਤੋਂ ਬਾਅਦ ਹੀ ਘਰ ਭੇਜਣ ਦੀ ਆਗਿਆ ਦਿੱਤੀ ਜਾਵੇ ਕਿਉਂ ਜੋ ਆਮ ਤੌਰ ‘ਤੇ ਮਹਾਮਾਰੀ ਦੇ ਲੱਛਣ ਥੋੜ੍ਹੇ ਸਮੇਂ ਬਾਅਦ ਸਾਹਮਣੇ ਆਉਂਦੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਇਕਾਂਤਵਾਸ ਨੂੰ 14 ਦਿਨਾਂ ਦਾ ਮੰਨਿਆ ਜਾਂਦਾ ਸੀ ਪਰ ਹੁਣ ਇਸ ਦੀ ਮਿਆਦ ਵਧਾ ਕੇ 21 ਦਿਨ ਕਰ ਦਿੱਤੀ ਗਈ ਹੈ।

ਉਨ੍ਹਾਂ ਕੋਰੋਨਾਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸੁਝਾਅ ਦਿੱਤਾ ਕਿ ਜਿੱਥੇ ਸੰਭਵ ਹੋਵੇ ਇਨ੍ਹਾਂ ਵਿਅਕਤੀਆਂ ਵਿੱਚੋਂ ਪਾਜ਼ੇਟਿਵ ਤੇ ਨੈਗੇਟਿਵ ਪਾਏ ਜਾਣ ਵਾਲਿਆਂ ਨੂੰ ਵੱਖ-ਵੱਖ ਇਮਾਰਤਾਂ ਵਿੱਚ ਅਲੱਗ-ਅਲੱਗ ਰੱਖਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਸਰਪੰਚਾਂ ਨਾਲ ਮਿਲ ਕੇ ਪਿੰਡਾਂ ਵਿੱਚ ਏਕਾਂਤਵਾਸ ਲਈ ਸਕੂਲਾਂ ਅਤੇ ਹੋਰਨਾਂ ਇਮਾਰਤਾਂ ਦੀ ਸ਼ਨਾਖਤ ਕਰਨ।

ਮੁੱਖ ਮੰਤਰੀ ਨੇ ਸਰਪੰਚਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਇਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪਿੰਡ ਪੱਧਰ ‘ਤੇ ਚੌਕਸੀ ਵਧਾ ਦੇਣ। ਮੀਟਿੰਗ ਵਿੱਚ ਦੱਸਿਆ ਗਿਆ ਕਿ ਪਿਛਲੇ ਚਾਰ ਦਿਨਾਂ ਵਿੱਚ ਹੁਣ ਤੱਕ ਨਾਂਦੇੜ ਸਾਹਿਬ (ਮਹਾਰਾਸ਼ਟਰ) ਤੋਂ 3525 ਸ਼ਰਧਾਲੂ, ਕੋਟਾ (ਰਾਜਸਥਾਨ) ਤੋਂ 153 ਵਿਦਿਆਰਥੀ ਆਏ ਹਨ। ਇਸ ਤੋਂ ਇਲਾਵਾ ਫਾਜ਼ਿਲਕਾ-ਰਾਜਸਥਾਨ ਸਰਹੱਦ ਉਤੇ 3085 ਮਜ਼ਦੂਰ ਆਏ ਹਨ। ਨਾਂਦੇੜ ਸਾਹਿਬ ਤੋਂ ਆਉਣ ਵਾਲਿਆਂ ਵਿੱਚੋਂ ਹੁਣ ਤੱਕ 577 ਵਿਅਕਤੀਆਂ ਦੀ ਟੈਸਟ ਰਿਪੋਰਟ ਆ ਗਈ ਹੈ ਜਿਨ੍ਹਾਂ ਵਿੱਚੋਂ 20 ਫੀਸਦੀ ਪਾਜ਼ੇਟਿਵ ਪਾਏ ਗਏ ਹਨ। ਵੀਰਵਾਰ ਨੂੰ 105 ਤਾਜ਼ਾ ਪਾਏ ਗਏ ਪਾਜ਼ੇਟਿਵ ਕੇਸਾਂ ਵਿੱਚੋਂ 98 ਬਾਹਰੋਂ ਆਉਣ ਵਾਲੇ ਹਨ।

ਮੁੱਖ ਮੰਤਰੀ ਨੇ ਡੀ.ਸੀਜ਼/ਐਸ.ਐਸ.ਪੀਜ਼ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਬਾਹਰੋਂ ਆਉਣ ਵਾਲਿਆਂ ਨੂੰ ਕੋਵਾ ਐਪ ‘ਤੇ ਅਪਲੋਡ ਕਰ ਦਿੱਤਾ ਜਾਵੇ ਤਾਂ ਜੋ ਜੀਓ ਫੈਂਸਿੰਗ ਰਾਹੀਂ ਇਨ੍ਹਾਂ ਦੇ ਆਉਣ-ਜਾਣ ‘ਤੇ ਸਖਤ ਨਿਗਰਾਨੀ ਰੱਖੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਦੂਜੇ ਸੂਬਿਆਂ ਤੋਂ ਆਪਣੇ ਆਪ ਆਉਣ ਵਾਲਿਆਂ ਦੀ ਵੀ ਟਰੈਕਿੰਗ ਅਤੇ ਸਕਰੀਨਿੰਗ ਕੀਤੀ ਜਾਵੇ।

LEAVE A REPLY

Please enter your comment!
Please enter your name here