ਮਾਨਸਾ 30 ਅਪ੍ਰੈਲ ( ਸਾਰਾ ਯਹਾ,ਬਲਜੀਤ ਸ਼ਰਮਾ) : ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਲਈ ਨਿਰਵਿਘਨ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਲੋਕ ਹਿੱਤ ਉਪਰਾਲਾ ਕੀਤਾ ਹੈ। ਪੰਜਾਬ ਸਰਕਾਰ ਨੇ ਸੀ-ਡੈਕ ਮੋਹਾਲੀ ਵੱਲੋਂ ਵਿਕਸਤ ਏਕੀਕ੍ਰਿਤ ਟੈਲੀਮੈਡੀਸਨ ਸਲਿਊਸ਼ਨ, ਈ-ਸੰਜੀਵਨੀ ਆਨਲਾਈਨ ਓ.ਪੀ.ਡੀ. (ਡਾਕਟਰ ਤੋਂ ਮਰੀਜ਼ ਤੱਕ) ਦੀ ਸ਼ੁਰੂਆਤ ਕੀਤੀ ਗਈ ਹੈ।
ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਅਨੁਸਾਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਇਹ ਉਪਰਾਲਾ ਪੇਂਡੂ ਖੇਤਰਾਂ ਦੇ ਆਮ ਲੋਕਾਂ ਲਈ ਵਿਸ਼ੇਸ਼ ਸਿਹਤ ਸੇਵਾਵਾਂ ਪੁਹੰਚਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਆਨਲਾਈਨ ਓ.ਪੀ.ਡੀ. ਦੀਆਂ ਸੇਵਾਵਾਂ ਲੈਣ ਲਈ ਅਤੇ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਾਹਿਰ ਡਾਕਟਰਾਂ ਦੇ ਨੈਟਵਰਕ ਨਾਲ ਜੁੜਨ ਅਤੇ ਘਰ ਬੈਠੇ ਹੀ ਸਿਹਤ ਸਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਇਲਾਜ ਅਤੇ ਸਲਾਹ ਲੈਣ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ।
ਸਿਵਲ ਸਰਜਨ ਡਾ. ਠਕਰਾਲ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਵੀਰਵਾਰ ਅਤੇ ਸਨੀਵਾਰ ਦੇ ਦਿਨ ਸਵੇਰੇ 10 ਵਜੇ ਤੋਂ 1 ਵਜੇ ਤੱਕ ਕੋਈ ਵੀ ਵਿਅਕਤੀ ਈ-ਸੰਜੀਵਨੀ ਰਾਹੀਂ ਸਿਹਤ ਸੇਵਾਵਾਂ ਦਾ ਲਾਭ ਲੈ ਸਕਦਾ ਹੈ।
ਈ. ਸੰਜੀਵਨੀ ਦੇ ਨੋਡਲ ਅਫ਼ਸਰ ਡਾ. ਬਲਜੀਤ ਕੌਰ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਮਾਨਸਾ ਵਿਖੇ ਟੈਲੀ ਮੈਡੀਸਨ ਸੈਂਟਰ ਵਿਖੇ ਮੈਡੀਸਨ ਸਪੈਸ਼ਲਿਸਟ ਡਾ. ਪੰਕਜ ਵਲੋਂ ਆਨਲਾਈਨ 10 ਮਰੀਜ਼ਾਂ ਦੀਆਂ ਸਮੱਸਿਆਵਾਂ ਸੁਣਕੇ ਉਨ੍ਹਾਂ ਨੂੰ ਦਵਾਈ ਪ੍ਰੀਸਕ੍ਰਾਇਬ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮਾਨਸਾ ਜਿਲ੍ਹੇ ਵਿੱਚ 15 ਮਰੀਜ਼ ਈ-ਸੰਜੀਵਨੀ ਦਾ ਲਾਭ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਮਰੀਜ਼ ਕਪਿਊਟਰ ਜਾਂ ਸਮਾਰਟ ਫੋਨ ਰਾਹੀਂ ਈ-ਸੰਜੀਵਨੀ ਲਾਗ-ਇਨ ਕਰ ਸਕਦੇ ਹਨ।
I