ਮਾਨਸਾ, 29 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਕਰੋਨਾ ਲਾਕਡਾਊਨ ਦੌਰਾਨ ਪਿੰਡ ਪਿੰਡ ਲੋਕਾਂ ਨੂੰ ਜਾਗਰੂਕ ਕਰਨ, ਮਾਸਕ ਵੰਡਣ ਅਤੇ ਦਾਣਾ ਮੰਡੀਆਂ ‘ਚ ਵਲੰਟੀਅਰ ਦੇ ਤੌਰ ਤੇ ਵੱਡੀ ਭੂਮਿਕਾ ਨਿਭਾ ਰਹੇ ਸਕਾਊਂਟ ਐਂਡ ਗਾਈਡ, ਐਨ ਐਸ ਐਸ ਅਤੇ ਐਨ ਸੀ ਸੀ ਵਲੰਟੀਅਰ ਹੁਣ ਨਾਲ-ਨਾਲ ਜ਼ਿਲ੍ਹੇ ਭਰ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਦਾਖਲਿਆਂ ਲਈ ਭੱਜ ਨੱਠ ਕਰ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਜ਼ੂਮ ਐਪ ਜ਼ਰੀਏ ਅੱਜ ਤਿੰਨਾਂ ਅਹਿਮ ਵਿੰਗਾਂ ਦੇ ਇੰਚਾਰਜ਼ ਅਤੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਘਰਾਂ ‘ਚ ਬੈਠੇ ਅਨੇਕਾਂ ਦਿੱਕਤਾਂ ਦੇ ਬਾਵਜੂਦ ਕਈ-ਕਈ ਅਹਿਮ ਡਿਊਟੀਆਂ ਵੀ ਨਿਭਾ ਰਹੇ ਹਨ। ਨਵੇਂ ਆਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਜ਼ਿਲ੍ਹੇ ਦੇ ਹਰ ਵਲੰਟੀਅਰ ਨਾਲ ਜ਼ੂਮ ਐਪ ਰਾਹੀਂ ਜਾਣ-ਪਹਿਚਾਣ ਕਰਕੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ।
ਇਨ੍ਹਾਂ ਵਿੰਗਾਂ ਦੀ ਦੇਖ ਰੇਖ ਕਰ ਰਹੇ ਭਾਰਤ ਸਕਾਊਂਟ ਅਤੇ ਗਾਈਡ ਦੇ ਜ਼ਿਲ੍ਹਾ ਆਰਗੇਨਾਈਜੇਸ਼ਨ ਕਮਿਸ਼ਨਰ ਲੈਕਚਰਾਰ ਦਰਸ਼ਨ ਸਿੰਘ ਬਰੇਟਾ ਨੇ ਦੱਸਿਆ ਕਿ ਇਹਨਾਂ ਵਿੰਗਾਂ ਵੱਲੋਂ ਜਿੱਥੇਂ ਆਮ ਦਿਨਾਂ ‘ਚ ਨੈਸ਼ਨਲ ਪੱਧਰ ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ, ਉੱਥੇ ਹੁਣ ਕਰੋਨਾ ਦੀ ਔਖੀ ਘੜੀ ਵਿੱਚ ਜਿਸ ਸਮਰਪਿਤ ਭਾਵਨਾ ਨਾਲ ਅਧਿਆਪਕਾਂ ਅਤੇ ਵਲੰਟੀਅਰਾਂ ਨੇ ਕੰਮ ਕੀਤਾ ਹੈ, ਉਸ ਨਾਲ ਇਨ੍ਹਾਂ ਸੰਸਥਾਵਾਂ ਦੇ ਅਸਲ ਮਾਟੋ ਦੀ ਪੂਰਤੀ ਵੀ ਹੋਈ ਹੈ। ਉਹਨਾਂ ਕਿਹਾ ਕਿ ਇਹ ਵਲੰਟੀਅਰ ਭਵਿੱਖ ‘ਚ ਵੀ ਸਮਾਜ ਸੇਵਾ ਦੇ ਨਾਲ ਨਾਲ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਵੀ ਹਰ ਕਾਰਜ ਕਰਦੇ ਰਹਿਣਗੇ। ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਸਟੇਟ ਆਰਗੇਨਾਈਜੇਸ਼ਨ ਕਮਿਸ਼ਨਰ ਭਾਰਤ ਸਕਾਊਂਟ ਅਤੇ ਗਾਈਡ ਉਂਕਾਰ ਸਿੰਘ ਨਾਲ ਹੋਈ ਵੀਡੀਓ ਮੀਟਿੰਗ ਦੌਰਾਨ ਸਟੇਟ ਨੇ ਵੀ ਜ਼ਿਲ੍ਹੇ ਦੇ ਵਲੰਟੀਅਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਤੇ ਮਾਣ ਮਹਿਸੂਸ ਕੀਤਾ ਹੈ। ਜ਼ਿਲ੍ਹਾ ਟਰੇਨਿੰਗ ਕਮਿਸ਼ਨਰ ਮਨਦੀਪ ਸਿੰਘ ਗੋਲਡੀ ਸੰਘਾ ਨੇ ਦੱਸਿਆ ਕਿ ਵਲੰਟੀਅਰਾਂ ਨੂੰ ਦਿੱਤੀਆਂ ਟਰੇਨਿੰਗਾਂ ਹੁਣ ਜਿੱਥੇਂ ਇਹਨ੍ਹਾਂ ਵਿੰਗਾਂ ਦੀ ਅਸਲ ਸਾਰਥਿਕਤਾ ਨੂੰ ਦਰਸਾ ਰਹੀਆਂ ਹਨ, ਉੱਥੇ ਸਮਾਜ ਸੇਵਾ ਲਈ ਵਰਦਾਨ ਸਾਬਤ ਹੋਈਆਂ ਹਨ। ਇਸ ਮੌਕੇ, ਦਰਸ਼ਨ ਸਿੰਘ ਏ ਐੱਸ ਓ ਸੀ ਸਕਾਊਂਟ ਅਤੇ ਗਾਈਡ ਪੰਜਾਬ, ਅਜੇ ਕੁਮਾਰ ਸ਼ਰਮਾਂ ਸਕਾਊਟ ਮਾਸਟਰ ਕੁਲਰੀਆਂ, ਭੁਪਿੰਦਰ ਸਿੰਘ ਕਿਸ਼ਨਗੜ੍ਹ ਸਕਾਊਂਟ ਮਾਸਟਰ, ਮਹਿੰਦਰ ਪਾਲ ਬਰੇਟਾ ਕੱਬ ਮਾਸਟਰ, ਤੇਜ ਰਾਮ, ਸੁਰਿੰਦਰ ਕੌਰ ਫੱਤਾ ਮਾਲੋਕਾ, ਹਰਦੀਪ ਸਿੰਘ ਸਕਾਊਟ ਮਾਸਟਰ ਮਾਖਾ, ਦੇਸਰਾਜ ਸਿੰਘ ਸਕਾਊਟ ਮਾਸਟਰ, ਹਰਪ੍ਰੀਤ ਸਿੰਘ ਮੂਸਾ, ਬੇਅੰਤ ਕੌਰ, ਹਰਪ੍ਰੀਤ ਸਿੰਘ, ਹੇਮੰਤ ਕੁਮਾਰ, ਜਗਦੀਪ ਕੌਰ, ਗੁਰਮੀਤ ਸਿੰਘ ਅੱਕਾਂਵਾਲੀ , ਕੇਵਲ ਸਿੰਘ , ਲਾਭ ਸਿੰਘ ਮਾਨਸਾ , ਨਿਰਲੇਪ ਕੌਰ ਅਤੇ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਵਿਸ਼ਵਾਸ ਦਿਵਾਇਆ ਕਿ ਇਸ ਔਖੀ ਘੜੀ ਵਿੱਚ ਉਹਨਾਂ ਦੀ ਬਤੌਰ ਵਲੰਟੀਅਰ ਜੋ ਵੀ ਡਿਊਟੀ ਲਗਾਈ ਜਾਂਦੀ ਹੈ, ਉਹ ਇਸ ਲਈ ਤਿਆਰ-ਬਰ-ਤਿਆਰ ਹਨ।