ਵਿਜੀਲੈਂਸ ਬਿਊਰੋ ਨੇ ਨਵਾਂ ਗਾਓਂ ਵਿਖੇ ਸਿਹਤ ਕਰਮਚਾਰੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਫੇਸ ਸ਼ੀਲਡ ਵੰਡੇ

0
12

ਚੰਡੀਗੜ, 24 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਕੋਵਿਡ -19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਯੋਗਦਾਨ ਪਾਊਂਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਦੂਜੇ ਦਿਨ ਨਵਾਂ ਗਾਓਂ (ਐੱਸ.ਏ.ਐੱਸ. ਨਗਰ) ਵਿਖੇ ਪੀ.ਐਚ.ਸੀ ਘੜੂੰਆਂ ਦੀ ਐਸ.ਐਮ.ਓ ਡਾ. ਕੁਲਜੀਤ ਕੌਰ ਦੀ ਹਾਜਰੀ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਨਵਾਂ ਗਾਓਂ ਵਿਖੇ ਡਿਊਟੀ ਕਰ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਫੇਸ ਸ਼ੀਲਡਾਂ ਵੰਡੀਆਂ। ਇਸ ਤੋਂ ਇਲਾਵਾ ਨਵਾਂ ਗਾਓਂ ਦੇ ਆਲੇ-ਦੁਆਲੇ ਜਿਲਾ ਪੁਲਿਸ ਮੋਹਾਲੀ ਵੱਲੋਂ ਲਗਾਏ ਗਏ ਨਾਕਿਆਂ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਵੀ ਫੇਸ ਸ਼ੀਲਡਾਂ ਵੰਡੀਆਂ ਤਾਂ ਜੋ ਇਹ ਮੁਲਾਜ਼ਮ ਵੀ ਕਿਸੇ ਤਰਾਂ ਦੇ ਵਾਇਰਸ ਹਮਲੇ ਤੋਂ ਬਚ ਸਕਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਡਾਇਰੈਕਟਰ-ਕਮ ਏਡੀਜੀਪੀ ਵਿਜੀਲੈਂਸ ਬਿਊਰੋ, ਸ੍ਰੀ ਬੀ.ਕੇ ਉੱਪਲ ਦੇ ਨਿਰਦੇਸ਼ਾਂ ਅਨੁਸਾਰ ਪਹਿਲਾਂ ਹੀ ਬਿਓਰੋ ਦੇ ਉਡਣ ਦਸਤੇ ਦੀਆਂ ਟੀਮਾਂ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਨਿਗਰਾਨੀ ਲਈ ਗਠਿਤ ਕਰਕੇ ਉਨਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਕਦਮ ਚੁੱਕੇ ਗਏ ਹਨ। ਇਸ ਸਬੰਧ ਵਿੱਚ ਬਿਊਰੋ ਦੀਆਂ ਟੀਮਾਂ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਵੀ ਪ੍ਰਦਾਨ ਕਰਦੀਆਂ ਹਨ।

ਉਨਾਂ ਅੱਗੇ ਦੱਸਿਆ ਕਿ ਏਆਈਜੀ ਅਸ਼ੀਸ਼ ਕਪੂਰ ਦੀ ਅਗਵਾਈ ਵਿੱਚ ਵਿਜੀਲੈਂਸ ਬਿਊਰੋ ਦੇ ਉਡਣ ਦਸਤਾ -1 ਦੀਆਂ ਟੀਮਾਂ ਨੇ ਅੱਜ ਸਿਹਤ ਵਿਭਾਗ ਦੇ ਨਵਾਂ ਗਾਓਂ ਵਿਖੇ ਡਿਊਟੀ ਕਰਦੇ ਕਰਮਚਾਰੀਆਂ ਨੂੰ ਕਿਸੇ ਵੀ ਕਿਸਮ ਦੇ ਵਾਇਰਸ ਦੇ ਹਮਲੇ ਤੋਂ ਬਚਾਉਣ ਲਈ ਫੇਸ ਸ਼ੀਲਡ ਵੰਡੇ। ਇਸ ਤੋਂ ਇਲਾਵਾ ਏਆਈਜੀ ਅਸ਼ੀਸ਼ ਕਪੂਰ ਨੇ ਊਨਾਂ ਨੂੰ ਕਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਫਰੰਟਲਾਈਨ ’ਤੇ ਕੰਮ ਕਰ ਰਹੇ ਹੋਰ ਸਟਾਫ / ਅਧਿਕਾਰੀਆਂ ਲਈ ਅਜਿਹੇ ਫੇਸ ਸ਼ੀਲਡਾਂ ਦੀ ਜ਼ਰੂਰਤ ਅਨੁਸਾਰ ਹੋਰ ਸ਼ੀਲਡਾਂ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ। ਬੀਤੇ ਦਿਨ ਵਿਜੀਲੈਂਸ ਬਿਊਰੋ ਵੱਲੋਂ ਸਿਵਲ ਸਰਜਨ ਦਫ਼ਤਰ ਐੱਸ.ਏ.ਐੱਸ. ਨਗਰ ਵਿੱਚ ਕੰਮ ਕਰਦੇ ਸਿਹਤ ਮੁਲਾਜਮਾਂ ਨੂੰ ਸੁਰੱਖਿਆ ਲਈ ਫੇਸ ਸ਼ੀਲਡ ਵੰਡੇ ਵਏ ਸਨ।

ਉਨਾਂ ਸਿਹਤ ਕਰਮਚਾਰੀਆਂ ਅਤੇ ਪੁਲਿਸ ਮੁਲਾਜਮਾਂ ਨੂੰ ਉਤਸ਼ਾਹਿਤ ਕਰਦਿਆਂ ਉਨਾਂ ਨੂੰ ਖ਼ੁਦ ਦੀ ਸੁਰੱਖਿਆ ਰੱਖਦੇ ਹੋਏ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਭਰੋਸਾ ਦਿੱਤਾ ਕਿ ਜੇਕਰ ਤੁਹਾਨੂੰ ਆਪਣੀ ਡਿਊਟੀ ਨਿਭਾਉਣ ਦੌਰਾਨ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਵਿਜੀਲੈਂਸ ਬਿਊਰੋ ਹਮੇਸ਼ਾ ਤੁਹਾਡੇ ਨਾਲ ਹੈ।

ਇਸ ਟੀਮ ਵਿੱਚ ਹੋਰਨਾਂ ਤੋਂ ਇਲਾਵਾ ਡੀਐਸਪੀ ਗੁਰਵਿੰਦਰ ਪਾਲ ਸਿੰਘ, ਇੰਸਪੈਕਟਰ ਸੁਖਮਿੰਦਰ ਸਿੰਘ, ਜ਼ਿਲਾ ਮਹਾਂਮਾਰੀ ਰੋਕੂ ਅਫ਼ਸਰ ਡਾ: ਰੇਨੂ ਸਿੰਘ, ਡਾ: ਸੰਜੇ, ਸਿਹਤ ਇੰਸਪੈਕਟਰ ਦਿਨੇਸ਼ ਚੌਧਰੀ, ਕੁਲਵਿੰਦਰਜੀਤ ਸਿੰਘ, ਅਵਤਾਰ ਸਿੰਘ ਐਮ.ਪੀ.ਐਚ, ਜਸਪਾਲ ਸਿੰਘ ਅਤੇ ਕਰਮਚਾਰੀ ਹਾਜਰ ਸਨ।

LEAVE A REPLY

Please enter your comment!
Please enter your name here