ਮਾਨਸਾ, 22 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਨਾਈ ਗਈ ਹੈ ਜਿਸ ਤਹਿਤ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ, ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਐਸ.ਟੀ.ਐਫ. ਪੰਜਾਬ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਮਾਨਸਾ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾਂ ਖਿਲਾਫ ਵਿਸੇਸ਼ ਮੁਹਿੰਮ ਚਲਾਈ ਹੋਈ ਹੈ।
ਐਸ.ਐਸ.ਪੀ. ਡਾ ਭਾਰਗਵ ਨੇ ਦੱਸਿਆ ਕਿ ਪੈਰੋਲ ਅਤੇ ਜਮਾਨਤ ‘ਤੇ ਆਏ ਵਿਅਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖ ਕੇ ਉਹਨਾਂ ਦੀਆ ਗਤੀਵਿੱਧੀਆਂ ਨੂੰ ਵਾਚਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੀ ਲੜੀ ਤਹਿਤ ਜ਼ਿਲੇ ਅੰਦਰ ਸਪੈਸ਼ਲ ਨਾਕਾਬੰਦੀਆਂ ਅਤੇ ਗਸ਼ਤਾਂ ਸ਼ੁਰੂ ਕਰਕੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਵਿਅਕਤੀਆਂ ‘ਤੇ ਮੁਕੱਦਮੇ ਦਰਜ ਕੀਤੇ ਗਏ ਹਨ।
ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਨਸ਼ਿਆਂ ਦੇ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਪ੍ਰਵੀਨ ਕੁਮਾਰ ਪੁੱਤਰ ਬਲਦੇਵ ਕ੍ਰਿਸ਼ਨ ਵਾਸੀ ਮਾਨਸਾ ਅਤੇ ਅਮਰਿੰਦਰ ਸਿੰਘ ਉਰਫ ਸੋਨੂੰ ਪੁੱਤਰ ਪਰਮਿੰਦਰ ਸਿੰਘ ਵਾਸੀ ਜਵਾਹਰਕੇ ਨੂੰ ਸਵਿਫਟ ਡਿਜਾਇਰ ਕਾਰ ਨੰਬਰੀ ਯੂ.ਪੀ.75ਏਟੀ-2376 ਸਮੇਤ ਕਾਬੂ ਕੀਤਾ ਗਿਆ, ਜਿਨ੍ਹਾਂ ਪਾਸੋਂ 20 ਗ੍ਰਾਮ ਹੈਰੋਇਨ (ਚਿੱਟਾ) ਦੀ ਬਰਾਮਦਗੀ ਹੋਣ ‘ਤੇ ਦੋਨਾਂ ਵਿਰੁੱਧ ਥਾਣਾ ਸਿਟੀ-1 ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ਼ ਕਰਕੇ ਕਾਰ ਨੂੰ ਕਬਜੇ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਨਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਇਹ ਹੈਰੋਇਨ ਕਿਥੋਂ, ਕਿਸ ਪਾਸੋਂ ਲਿਆਂਦੀ ਸੀ ਅਤੇ ਅੱਗੇ ਕਿੱਥੇ ਸਪਲਾਈ ਕਰਨੀ ਸੀ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਸੁਖਦੇਵ ਰਾਮ ਉਰਫ ਮਲੋਟੀਆ ਪੁੱਤਰ ਗੂੰਗਾ ਰਾਮ ਵਾਸੀ ਬੁਢਲਾਡਾ ਨੂੰ ਕਾਰ ਹੌਂਡਾ ਸਿਟੀ ਨੰਬਰੀ ਡੀ.ਐਲ.4ਸੀਏਬੀ-6294 ਸਮੇਤ ਕਾਬੂ ਕਰਕੇ ਉਸ ਪਾਸੋਂ 120 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਪੰਜਾਬ ਤਮੰਨਾ ਬਰਾਮਦ ਕੀਤੀ ਗਈ ਹੈ, ਜਿਸਦੇ ਵਿਰੁੱਧ ਥਾਣਾ ਸਿਟੀ ਬੁਢਲਾਡਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਕੇ ਕਾਰ ਨੂੰ ਪੁਲਿਸ ਵੱਲੋਂ ਕਬਜੇ ਵਿੱਚ ਲਿਆ ਗਿਆ ਹੈ।
ਐਸ.ਐਸ.ਪੀ. ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਮੁਕੰਮਲ ਰੋਕਥਾਮ ਕਰਕੇ ਮਾਨਸਾ ਜ਼ਿਲ੍ਹੇ ਨੂੰ 100 ਫੀਸਦੀ ਨਸ਼ਾ-ਮੁਕਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।