ਮਾਨਸਾ, 21 ਅਪੈ੍ਰਲ (ਸਾਰਾ ਯਹਾ, ਬਲਜੀਤ ਸ਼ਰਮਾ) : ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਿਹਤ ਵਿਭਾਗ ਆਪਣੀਆਂ ਨਿਰਵਿਘਨ ਸੇਵਾਵਾਂ ਦੇ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮਾਨਸਾ ਵਿਚ ਕਰਫਿਊ ਅਤੇ ਲਾਕਡਾਊਨ ਦੌਰਾਨ ਆਮ ਵਰਗ ਦੇ ਲੋਕਾਂ ਨੂੰ ਪਿੰਡਾਂ ਵਿਖੇ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਹਿੱਤ ਜ਼ਿਲ੍ਹੇ ਵਿਚ ਕੁਲ 47 ਹੈਲਥ ਐਂਡ ਵੈਲਨੈੱਸ ਸੈਂਟਰ ਚਲਾਏ ਜਾ ਰਹੇ ਹਨ।
ਸਿਵਲ ਸਰਜਨ ਡਾ. ਠਕਰਾਲ ਨੇ ਦੱਸਿਆ ਕਿ ਇਨ੍ਹਾਂ 47 ਹੈਲਥ ਵੈਲਨੈੱਸ ਸੈਂਟਰ ਵਿਚ ਤਾਇਨਾਤ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਪਿੰਡਾਂ ਵਿੱਚ ਮਰੀਜਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਮ ਕੰਮ-ਕਾਰ ਵਾਲੇ ਦਿਨਾਂ ਤੋਂ ਇਲਾਵਾ ਇਹਨਾਂ ਸੀ.ਐਚ.ਓ. ਵੱਲੋਂ ਲਾਕਡਾਊਨ ਦੌਰਾਨ ਸਰਕਾਰੀ ਛੁੱਟੀ ਵਾਲੇ (ਜਿੰਨਾਂ ਵਿੱਚ ਗਜਟਿਡ ਛੁੱਟੀਆਂ ਅਤੇ ਐਤਵਾਰ ਵਾਲੀਆਂ ਛੁੱਟੀਆਂ ਸ਼ਾਮਿਲ ਹਨ) ਦਿਨਾਂ ਵਿੱਚ ਵੀ ਸਾਰੇ ਦੇ ਸਾਰੇ ਹੈਲਥ ਵੈਲਨੈੱਸ ਸੈਂਟਰ ਖੋਲ੍ਹੇ ਜਾ ਰਹੇ ਹਨ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਸੀ.ਐਚ.ਓ ਵੱਲੋਂ ਆਮ ਬਿਮਾਰੀਆਂ ਤੋਂ ਇਲਾਵਾ ਮੁੱਖ ਤੌਰ ’ਤੇ ਗੰਭੀਰ ਬਿਮਾਰੀਆਂ (ਜਿਵੇਂ ਬੀ.ਪੀ., ਦਿਲ ਦੀਆਂ ਬਿਮਾਰੀਆਂ, ਸ਼ੂਗਰ, ਕੈਂਸਰ) ਦੀਆਂ ਦਵਾਈਆਂ ਵੀ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੈਲਥ ਵੈਲਨੈੱਸ ਸੈਂਟਰਾਂ ਵਿੱਚ 23 ਮਾਰਚ 2020 ਤੋਂ 21 ਅਪ੍ਰੈਲ 2020 ਤੱਕ 19246 ਮਰੀਜਾਂ ਦਾ ਚੈਕਅੱਪ ਕੀਤਾ ਗਿਆ ਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਹਨ। ਜਿਸ ਵਿੱਚ ਆਪਣੀ ਸਵੈ ਇੱਛਾ ਨਾਲ ਗਜਟਿਡ ਛੁੱਟੀ ਅਤੇ ਐਤਵਾਰ ਵਾਲੇ ਦਿਨ ਖੁੱਲੇ ਰਹੇ ਹੈਲਥ ਵੈਲਨੈੱਸ ਸੈਂਟਰਾਂ ਵਿੱਚ 4414 ਮਰੀਜਾਂ ਦਾ ਚੈਕਅੱਪ ਕੀਤਾ ਗਿਆ ਤੇ ਦਵਾਈਆਂ ਦਿੱਤੀਆਂ ਗਈਆਂ। ਡਾ. ਲਾਲ ਚੰਦ ਠਕਰਾਲ ਨੇ ਭਿਆਨਕ ਬਿਮਾਰੀ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਮਿਊਨਿਟੀ ਹੈਲਥ ਅਫਸਰਾਂ ਦੀ ਸ਼ਲਾਘਾ ਕੀਤੀ ਤੇ ਅੱਗੇ ਵੀ ਆਪਣੀਆਂ ਨਿਰਵਿਘਨ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ।
ਅਵਤਾਰ ਸਿੰਘ ਜਿਲ੍ਹਾ ਪ੍ਰੋਗਰਾਮ ਮੈਨੇਜਰ ਐਨ.ਐਚ.ਐਮ. ਮਾਨਸਾ ਨੇ ਦੱਸਿਆ ਕਿ ਜਿਲ੍ਹੇ ਦੇ 20 ਹੈਲਥ ਵੈਲਨੈੱਸ ਸੈਂਟਰਾਂ ਵਿੱਚ ਜਲਦ ਹੀ ਟੈਲੀਮੈਡੀਸਨ ਫੈਸੀਲਿਟੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਕਮਿਊਨਿਟੀ ਹੈਲਥ ਅਫਸਰ ਆਪਣੇ ਸੰਸਥਾ ਤੋਂ ਸਿੱਧੇ ਟੈਲੀਮੈਡੀਸਨ ਹੱਬ ਚੰਡੀਗੜ੍ਹ ਵਿਖੇ ਤਾਇਨਾਤ ਮਾਹਿਰ ਡਾਕਟਰਾਂ ਦੀ ਸਲਾਹ ਲੈ ਕੇ ਮਰੀਜਾਂ ਨੂੰ ਦਵਾਈਆਂ ਦੇ ਸਕਣਗੇ।