ਮਾਨਸਾ, 21 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ)) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ਼੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾ ਤਹਿਤ ਨੋਵਲ ਕੋਰਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ।
ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਕਰਫਿਊ ਦੀ ਮੁਕੰਮਲ ਪਾਲਣਾ ਸਬੰਧੀ ਜ਼ਿਲ੍ਹੇ ਵਿੱਚ ਫਲੈਗ ਮਾਰਚ, ਰੋਡ ਮਾਰਚ ਅਤੇ ਅਸਰਦਾਰ ਢੰਗ ਨਾਲ ਗਸ਼ਤਾਂ ਤੇ ਨਾਕਾਬੰਦੀਆਂ ਕਰਕੇ ਲੋਕਾਂ ਨੂੰ ਸਾਵਧਾਨੀਆਂ ਦੀ ਵਰਤੋਂ ਕਰਨ ਅਤੇ ਆਪਣੇ-ਆਪਣੇ ਘਰਾਂ ਅੰਦਰ ਰਹਿਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਵੱਲੋਂ ਵੀ ਪੁਲਿਸ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਬੁਢਲਾਡਾ ਦੇ ਮੋਹਤਬਰ ਵਿਅਕਤੀਆਂ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਬੁਢਲਾਡਾ ਪੁਲਿਸ ਦੇ ਗਲਾ ਵਿੱਚ ਫੁੱਲਾਂ ਦੇ ਹਾਰ ਪਾ ਕੇ ਹੌਸਲਾਂ ਅਫਜਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਰਨਾ ਵਾਇਰਸ ਤੋਂ ਬਚਾਅ ਲਈ ਅਤੇ ਇਲਾਕੇ ਵਿੱਚ ਅਮਨ ਕਾਨੂੰਨ ਬਰਕਰਾਰ ਰੱਖਣ ਲਈ ਸ਼ਹਿਰ ਬਰੇਟਾ ਵਿਖੇ ਪੁਲਿਸ ਵੱਲੋਂ ਕੱਢੇ ਗਏ ਰੋਡ ਮਾਰਚ ਦੌਰਾਨ ਸ਼ਹਿਰ ਬਰੇਟਾ ਦੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਵੀ ਪੁਲਿਸ ਦੇ ਗਲਾ ਵਿੱਚ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਹੌਸਲਾਂ ਵਧਾਇਆ ਗਿਆ ਹੈ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕਰਫਿਊ ਦੌਰਾਨ ਮਾਨਸਾ ਪੁਲਿਸ ਵੱਲੋਂ ਜਿੱਥੇ ਜ਼ਿਲ੍ਹਾ ਵਾਸੀਆਂ ਨੂੰ ਜ਼ਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਨੂੰ ਘਰ-ਘਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਹੀ ਲੋਕਾਂ ਵੱਲੋਂ ਵੀ ਪੁਲਿਸ ਦੇ ਮੋਢੇ ਨਾਲ ਮੋਢਾ ਜੋੜ ਕੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਠੀਕਰੀ ਪਹਿਰੇ ਲਗਾ ਕੇ ਜ਼ਿਲ੍ਹੇ ਅੰਦਰ ਕਰਫਿਊ ਦੀ ਮੁਕੰਮਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਕੋਰਨਾ ਵਾਇਰਸ ਤੋਂ ਬਚਾਅ ਲਈ ਅਤੇ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਮਾਨਸਾ ਪੁਲਿਸ ਵੱਲੋਂ ਨਿਭਾਈ ਜਾ ਰਹੀ ਦਿਨ-ਰਾਤ ਡਿਊਟੀ ਦੇ ਮੱਦੇਨਜ਼ਰ ਪੁਲਿਸ ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਲਈ ਉਨ੍ਹਾਂ ਦਾ ਰੋਜਾਨਾ ਮੈਡੀਕਲ ਚੈਕਅੱਪ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੇ ਪੱਕੇ ਡਿਊਟੀ ਪੁਆਇੰਟਾਂ ‘ਤੇ ਮੀਂਹ-ਹਨੇਰੀ ਤੋਂ ਬਚਣ ਲਈ ਟੈਂਟ ਲਗਾਏ ਗਏ ਹਨ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੂੰ ਮਾਸਕ, ਦਸਤਾਨੇ ਅਤੇ ਹੈਂਡ-ਸੈਨੀਟਾਈਜਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹਰੇਕ ਕਰਮਚਾਰੀ ਨੂੰ ਉਸਦੇ ਡਿਊਟੀ ਪੁਆਇੰਟ ‘ਤੇ ਖਾਣਾ ਅਤੇ ਫਲ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਕਰਮਚਾਰੀਆਂ ਦੀ ਰੋਗ ਪ੍ਰਤੀਰੋਧਕ ਸਮੱਰਥਾ (ਇਮਿਉਨਿਟੀ ਸਿਸਟਮ ਅੱਪ ਕਰਨ) ਵਧਾਉਣ ਲਈ ਉਹਨਾਂ ਨੂੰ ਮਲਟੀ-ਵਿਟਾਮਿਨ ਦੀਆ ਗੋਲੀਆਂ ਦਾ ਪ੍ਰਬੰਧ ਕਰਕੇ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਡਿਊਟੀ ਪੁਆਇੰਟਾਂ ‘ਤੇ ਜਾ ਕੇ ਵੰਡੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਕਰਮਚਾਰੀ ਨੂੰ ਉਸਦੀ ਸਿਹਤ ਅਤੇ ਡਿਊਟੀ ਪ੍ਰਤੀ ਕੋਈ ਦਿੱਕਤ ਪੇਸ਼ ਨਹੀ ਆਉਣ ਦਿੱਤੀ ਜਾਵੇਗੀ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਬੱਚਿਆਂ ਦੇ ਪਹਿਲੇ ਜਨਮ ਦਿਨ ‘ਤੇ ਕੇਕ ਮੁਹੱਈਆ ਕਰਾਉਣ ਦੀ ਲੜੀ ਤਹਿਤ ਵੀ.ਪੀ.ਓ. ਹੌਲਦਾਰ ਰਾਜਿੰਦਰ ਸਿੰਘ ਥਾਣਾ ਸਿਟੀ ਬੁਢਲਾਡਾ ਵੱਲੋਂ ਬੱਚੀ ਜੈਸਮੀਨ ਕੌਰ ਪੁੱਤਰੀ ਬੰਟੀ ਸਿੰਘ ਵਾਸੀ ਦਰੀਆਪੁਰ ਕਲਾਂ, ਵੀ.ਪੀ.ਓ. ਸਿਪਾਹੀ ਅੰਗਰੇਜ ਸਿੰਘ ਥਾਣਾ ਸਿਟੀ ਬੁਢਲਾਡਾ ਵੱਲੋਂ ਬੱਚੇ ਮਹਿਤਾਬਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਦਰੀਆਪੁਰ ਖੁਰਦ ਅਤੇ ਵੀ.ਪੀ.ਓ. ਸਿਪਾਹੀ ਅਮਨਿੰਦਰ ਸਿੰਘ ਥਾਣਾ ਸਿਟੀ-2 ਮਾਨਸਾ ਵੱਲੋਂ ਬੱਚੀ ਜਨਿਸਕਾ ਹੰਸ ਪੁੱਤਰੀ ਸੰਦੀਪ ਕੁਮਾਰ ਵਾਸੀ ਵਾਰਡ ਨੰਬਰ 7 ਮਾਨਸਾ ਦੇ ਪਹਿਲੇ ਜਨਮ ਦਿਨ ‘ਤੇ ਕੇਕ ਉਨ੍ਹਾਂ ਦੇ ਘਰ ਭੇਜ ਕੇ ਬੱਚਿਆਂ ਨੂੰ ਜਨਮ ਦਿਨ ਮੁਬਾਰਕ ਆਖਿਆ ਗਿਆ ਹੈ। ਮਾਨਸਾ ਪੁਲਿਸ ਵੱਲੋਂ ਬੱਚਿਆਂ ਦੇ ਪਹਿਲੇ ਜਨਮ ਦਿਨ ‘ਤੇ ਉਨ੍ਹਾਂ ਦੇ ਘਰ ਵਿਲੇਜ ਪੁਲਿਸ ਅਫਸਰ (ਵੀ.ਪੀ.ਓ.) ਰਾਹੀਂ ਕੇਕ ਭੇਜਣ ਸਬੰਧੀ ਸ਼ੁਰੂ ਕੀਤੀ ਗਈ ਨਿਵੇਕਲੀ ਪਹਿਲ ਦੀ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਹੋ ਰਹੀ ਹੈ ਅਤੇ ਇਹ ਪ੍ਰਥਾ ਅੱਗੇ ਲਈ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ।