ਲੇਖਕਾਂ ਅਤੇ ਕਲਾਕਾਰਾਂ ਦੇ ਰੂਪ ਚ ਸਿੱਖਿਆ ਵਿਭਾਗ ਕੋਲ ਸਭ ਤੋਂ ਵੱਡਾ ਖ਼ਜਾਨਾ – ਸਿੱਖਿਆ ਸਕੱਤਰ

0
18

ਮਾਨਸਾ, 21 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਸਿੱਖਿਆ ਵਿਭਾਗ ਵੱਲੋਂ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਅਤੇ ਵਿਦਿਆਰਥੀਆਂ ਦੀਆਂ ਸਾਹਿਤਕ ਅਤੇ ਸਭਿਆਚਾਰ ਸਰਗਰਮੀਆਂ ਨੂੰ ਉਭਾਰਨ ਲਈ ਪੰਜਾਬ ਦੇ ਲੇਖਕ ਅਤੇ ਕਲਾਕਾਰ ਅਧਿਆਪਕਾਂ ਨਾਲ ਮਿਲਣੀਆਂ ਹੋਰ ਗੂੜ੍ਹੀਆਂ ਹੋਣ ਲੱਗੀਆਂ ਹਨ ਅਤੇ ਰਾਜ ਦੇ ਇਹ ਅਧਿਆਪਕ ਵੀ ਬਾਗੋਬਾਗ ਹਨ ਕਿ ਉਨ੍ਹਾਂ ਦੀ ਪੁੱਛ ਪੜਤਾਲ ਹੋਣ ਲੱਗੀ ਹੈ, ਉਹ ਇਸ ਦਾ  ਸਿਹਰਾ ਡਟਵੇਂ ਰੂਪ ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਦੇ ਰਹੇ ਹਨ ਅਤੇ ਸਿੱਖਿਆ ਸਕੱਤਰ ਨੇ ਜ਼ੂਮ ਐਪ ਤੇ ਹੋ ਰਹੀਆਂ ਮੀਟਿੰਗਾਂ ਦੌਰਾਨ ਖੁਦ ਵੀ ਮਹਿਸੂਸ ਕੀਤਾ ਹੈ ਕਿ ਸਾਹਿਤਕ, ਸਭਿਆਚਾਰ ਦੇ ਰੂਪ ਵਿੱਚ ਜੋ ਵੱਡਾ ਖਜ਼ਾਨਾ ਸਿੱਖਿਆ ਵਿਭਾਗ ਕੋਲ ਹੈ, ਉਹ ਕਿਸੇ ਵਿਭਾਗ ਕੋਲ ਨਹੀਂ, ਪਰ ਅਸੀਂ ਕਿਸੇ ਖਾਸ ਯੋਜਨਾਬੱਧ ਤਰੀਕੇ ਨਾਲ ਇਸ ਦਾ ਫਾਇਦਾ ਨਹੀਂ ਖੱਟ ਸਕੇ, ਹੁਣ ਵਿਭਾਗ ਵੱਲ੍ਹੋ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ,ਤਾਂ ਕਿ ਇਹ ਨੀਤੀ ਵਿਦਿਆਰਥੀਆਂ ਲਈ ਲਾਹੇਵੰਦ ਹੋ ਸਕੇ।
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨਾਲ ਜ਼ੂਮ ਐਪ ਤੇ ਚਲ ਰਹੀਆਂ ਸਾਹਿਤਕ, ਸਭਿਆਚਾਰ ਮਿਲਣੀਆਂ ਦੌਰਾਨ ਬੀਤੇ ਸ਼ਾਮ ਮਾਨਸਾ ਦੇ ਲੇਖਕਾਂ ਅਤੇ ਕਲਾਕਾਰਾਂ ਨੇ ਚੰਗਾ ਰੰਗ ਬੰਨ੍ਹਿਆਂ। ਸੰਚਾਲਨ ਕਰਦਿਆਂ ਡਾ: ਦਵਿੰਦਰ ਬੋਹਾ ਨੇ  ਕਿਹਾ ਕਿ ਇਹ ਮੀਟਿੰਗਾਂ ਨਿਰੋਲ ਸਾਹਿਤ ਤੇ ਸੱਭਿਆਚਾਰ ਮਿਲਣੀਆ ਹਨ, ਇਸ ਵੇਲੇ ਜਦੋਂ ਸਭ ਆਪੋ ਆਪਣੇ ਘਰਾਂ ਵਿੱਚ ਹਨ ਤਾਂ ਉਦੋਂ ਇੰਟਰਨੈੱਟ ਦੇ ਮਾਧਿਅਮ ਰਾਹੀਂ ਇਨ੍ਹਾਂ ਮੀਟਿੰਗਾਂ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਕੋਆਰਡੀਨੇਟਰ ਸ਼ਾਇਰ ਗੁਰਪ੍ਰੀਤ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਅਹਿਮ ਸੰਕਟ ਦੇ ਦਿਨਾਂ ਵਿੱਚ ਸਾਹਿਤ ਮਨੁੱਖ ਨੂੰ ਮਨੁੱਖ ਦੇ ਨੇੜੇ ਲੈ ਕੇ ਆਉਂਦਾ ਹੈ, ਇਹ ਉਹ ਸਮਾਂ ਹੈ ਜਦੋਂ ਅਸੀਂ ਆਤਮ ਚਿੰਤਨ ਨਾਲ ਜੁੜ ਰਹੇ ਹਾਂ ਤੇ ਇਸ ਸੰਕਟ ਦੀ ਘੜੀ ਵਿੱਚ ਨਵੇਂ ਰਾਹ ਦੀ ਤਲਾਸ਼ ਕਰ ਰਹੇ ਹਾਂ। ਉਹਨਾਂ ਨੇ ਖ਼ੁਦ ਆਪਣੀ ਕੋਈ ਰਚਨਾ ਨਾ ਸੁਣਾ ਕੇ ਮਾਨਸਾ ਦੇ ਲੇਖਾਕਾਂ ਦੀ ਰਚਨਾ ਨੂੰ ਸਮਾਂ ਦਿੱਤਾ। ਸਭ ਤੋਂ ਪਹਿਲਾਂ ਰਾਣੀ ਤੱਤ ਕਾਰਨ ਚਰਚਾ ਚ ਆਏ ਨੌਜਵਾਨ ਸ਼ਾਇਰ ਹਰਮਨਜੀਤ ਨੇ ਆਪਣੀ ਇੱਕ ਰਚਨਾ ਸਾਂਝੀ ਕਰਦਿਆਂ ਕਿਹਾ ਜਿਵੇਂ ਚੰਨ ਦਾ ਅਕਾਰ ਰੋਜ਼ ਘੱਟਦਾ ਵਧਦਾ ਹੈ, ਉਸੇ ਤਰ੍ਹਾਂ ਇਹ ਦਿਨ ਵੀ ਰੋਜ਼ ਨਵੀ ਅਕਾਰ ਸਾਨੂੰ ਦੇ ਕੇ ਜਾਂਦੇ ਹਨ। ਇਸ ਸਾਹਿਤਕ ਮਿਲਣੀ ਵਿੱਚ ਪਰਾਗ ਰਾਜ ਗੁਰਜੰਟ ਚਹਿਲ, ਯੋਗਤਾ ਜੋਸ਼ੀ, ਅਵਤਾਰ ਖਹਿਰਾ, ਅਵਤਾਰ ਦੋਦੜਾ, ਮਹਿੰਦਰ ਪਾਲ ਬਰੇਟਾ ਨੇ ਆਪੋ ਆਪਣੀਆਂ ਕਾਵਿ ਰਚਨਾ ਰਚਨਾਵਾਂ ਸੁਣਾਈਆਂ, ਜਦੋਂ ਕਿ ਦਰਸ਼ਨ ਸਿੰਘ ਬਰੇਟਾ ਨੇ ਮਿੰਨੀ ਕਹਾਣੀ, ਹਰਵਿੰਦਰ ਹੈਪੀ ਅਤੇ ਉੱਦਮ ਆਲਮ ਨੇ ਆਪਣੀ ਬੁਲੰਦ ਆਵਾਜ਼ ਵਿੱਚ ਗੀਤ ਸੁਣਾਕੇ ਖੂਬ ਰੰਗ ਬੰਨ੍ਹਿਆ ।
   ਇਸ ਮਿਲਣੀ ਵਿੱਚ ਸਿੱਖਿਆ ਪ੍ਰਤੀਨਿਧ ਹਰਦੀਪ ਸਿੱਧੂ, ਰਾਜੇਸ਼ ਬੁਢਲਾਡਾ, ਬਲਜਿੰਦਰ ਜੋੜਕੀਆਂ, ਗੁਰਨੈਬ ਮਘਾਣੀਆਂ, ਪਰਮਜੀਤ ਸੈਣੀ, ਜਗਤਾਰ ਲਾਡੀ, ਡਾ: ਬੂਟਾ ਸਿੰਘ ਸੇਖੋਂ, ਅਮਨ ਮਾਨਸਾ , ਜਸਵਿੰਦਰ ਚਾਹਲ, ਗੁਰਪ੍ਰੀਤ ਕੌਰ ਚਹਿਲ ਤੇ ਹੋਰ ਬਹੁਤ ਸਾਰੇ ਲੇਖਕ ਅਧਿਆਪਕ ਸ਼ਾਮਿਲ ਹੋਏ।

LEAVE A REPLY

Please enter your comment!
Please enter your name here