ਪੰਜਾਬ ਵਿੱਚ 1.84 ਲੱਖ ਪਾਸਾਂ ਦੀ ਵਰਤੋਂ ਕਰਦਿਆਂ ਕਿਸਾਨਾਂ ਨੇ 8.95 ਲੱਖ ਮੀਟਰਕ ਟਨ ਕਣਕ ਮੰਡੀਆਂ ਵਿੱਚ ਲਿਆਂਦੀ

0
8

ਚੰਡੀਗੜ, 20 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਕੋਵਿਡ-19 ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਮੰਡੀ ਬੋਰਡ ਨੇ ਹਾੜੀ ਮੰਡੀਕਰਨ ਸੀਜ਼ਨ-2020-21 ਦੌਰਾਨ ਸੂਬਾ ਭਰ ਵਿੱਚ 409 ਹੋਰ ਰਾਈਸ ਸ਼ੈਲਰਾਂ ਨੂੰ ਅਨਾਜ ਮੰਡੀਆਂ ’ਚ ਤਬਦੀਲ ਕਰ ਦਿੱਤਾ ਹੈ। ਕਰੋਨਾਵਾਇਰਸ ਦੇ ਸੰਦਰਭ ਵਿੱਚ ਕੀਤੇ ਗਏ ਪੁਖਤਾ ਪ੍ਰਬੰਧਾਂ ਸਦਕਾ ਹੁਣ ਤੱਕ 8.95 ਲੱਖ ਮੀਟਰਕ ਟਨ ਕਣਕ ਮੰਡੀਆਂ ਵਿੱਚ ਪਹੁੰਚੀ ਹੈ ਜਿਸ ਵਿੱਚੋਂ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ 7.54 ਲੱਖ ਮੀਟਰਕ ਟਨ ਖਰੀਦੀ ਜਾ ਚੁੱਕੀ ਹੈ।
ਇਹ ਪ੍ਰਗਟਾਵਾ ਕਰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਇਨਾਂ ਸ਼ੈਲਰਾਂ ਨੂੰ ਸਬ-ਮੰਡੀ ਯਾਰਡ ਵਿੱਚ ਤਬਦੀਲ ਕਰ ਦੇਣ ਨਾਲ ਸੂਬੇ ਵਿੱਚ ਖਰੀਦ ਕੇਂਦਰਾਂ ਦੀ ਗਿਣਤੀ 4100 ਹੋ ਗਈ ਹੈ ਜਿਸ ਨਾਲ ਕਰੋਨਾਵਾਇਰਸ ਦੇ ਮੱਦੇਨਜ਼ਰ ਬਿਨਾਂ ਕਿਸੇ ਦਿੱਕਤ ਤੋਂ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੰਡੀ ਬੋਰਡ ਨੇ ਕੁੱਲ 3691 ਖਰੀਦ ਕੇਂਦਰ ਸਥਾਪਤ ਕੀਤੇ ਸਨ ਜਿਨਾਂ ਵਿੱਚੋਂ 1867 ਪੱਕੀਆਂ ਮੰਡੀਆਂ ਅਤੇ 1824 ਆਰਜ਼ੀ ਮੰਡੀਆਂ ਸਨ ਤਾਂ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਕਿਸਾਨਾਂ ਨੂੰ ਫਸਲ ਵੇਚਣ ਮੌਕੇ ਸਿਹਤ ਸੁਰੱਖਿਆ ਪੱਖੋਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ।


ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਮੰਡੀ ਬੋਰਡ ਵੱਲੋਂ ਆੜਤੀਆਂ ਰਾਹੀਂ ਕਿਸਾਨਾਂ ਨੂੰ ਹੁਣ ਤੱਕ 4.25 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ ਜਿਨਾਂ ਵਿੱਚ ਬੀਤੇ ਦਿਨ ਜਾਰੀ ਕੀਤੇ ਗਏ 79610 ਪਾਸ ਵੀ ਸ਼ਾਮਲ ਹਨ। ਉਨਾਂ ਅੱਗੇ ਦੱਸਿਆ ਕਿ ਹੁਣ ਤੱਕ ਜਾਰੀ ਕੀਤੇ ਕੁੱਲ ਪਾਸਾਂ ਵਿੱਚੋਂ ਕਿਸਾਨਾਂ ਨੇ 1.84 ਲੱਖ ਪਾਸਾਂ ਦੀ ਵਰਤੋਂ ਕਰਦਿਆਂ 15 ਅਪ੍ਰੈਲ ਤੋਂ 19 ਅਪ੍ਰੈਲ ਤੱਕ ਮੰਡੀਆਂ ਵਿੱਚ 8.95 ਲੱਖ ਮੀਟਰਕ ਟਨ ਕਣਕ ਲਿਆਂਦੀ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 1.98 ਲੱਖ ਮੀਟਰਕ ਟਨ ਕਣਕ ਮੰਡੀਆਂ ਵਿੱਚ ਪਹੁੰਚੀ ਸੀ। ਉਨਾਂ ਇਹ ਵੀ ਦੱਸਿਆ ਕਿ ਹੁਣ ਤੱਕ 8.95 ਲੱਖ ਮੀਟਰਕ ਟਨ ਕਣਕ ਵਿੱਚੋਂ 7.54 ਲੱਖ ਟਨ ਖਰੀਦੀ ਜਾ ਚੁੱਕੀ ਹੈ ਜਦਕਿ ਪਿਛਲੇ ਸਾਲ ਏਸੇ ਸਮੇਂ ਦੌਰਾਨ 1.37 ਲੱਖ ਮੀਟਰਕ ਟਨ ਖਰੀਦੀ ਗਈ ਸੀ।
ਰਾਈਸ ਸ਼ੈਲਰਾਂ ਵਿੱਚ ਹੋਰ ਖਰੀਦ ਕੇਂਦਰ ਸਥਾਪਤ ਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਇਨਾਂ ਕੇਂਦਰਾਂ ਨੂੰ ਜ਼ਿਲਾ ਮੰਡੀ ਅਫਸਰਾਂ ਅਤੇ ਖਰੀਦ ਏਜੰਸੀਆਂ ਦੇ ਖਰੀਦ ਮੈਨੇਜਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਸਥਾਪਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜਲੰਧਰ ਜ਼ਿਲੇ ਵਿੱਚ ਪੰਜ ਸ਼ੈਲਰਾਂ ਨੂੰ ਸਬ-ਯਾਰਡ ਵਿੱਚ ਤਬਦੀਲ ਕੀਤਾ ਗਿਆ ਜਦਕਿ ਫਰੀਦਕੋਟ ਜ਼ਿਲੇ ਵਿੱਚ 14, ਗੁਰਦਾਸਪੁਰ ਵਿੱਚ 11 ਅਤੇ ਐਸ.ਏ.ਐਸ. ਨਗਰ ਵਿੱਚ 2 ਸ਼ੈਲਰ ਮੰਡੀਆਂ ਵਿੱਚ ਤਬਦੀਲ ਕੀਤੇ ਗਏ ਹਨ।
ਇਸੇ ਤਰਾਂ ਫਤਹਿਗੜ ਸਾਹਿਬ ਜ਼ਿਲੇ ਵਿੱਚ 6 ਸਬ-ਯਾਰਡ, ਫਿਰੋਜ਼ਪੁਰ ਵਿੱਚ 29, ਸ੍ਰੀ ਮੁਕਤਸਰ ਸਾਹਿਬ ਵਿੱਚ 28, ਪਟਿਆਲਾ ਵਿੱਚ 86, ਸੰਗਰੂਰ ਵਿੱਚ 108 ਅਤੇ ਹੁਸ਼ਿਆਰਪੁਰ ਵਿੱਚ 4 ਖਰੀਦ ਕੇਂਦਰ ਬਣਾਏ ਗਏ ਹਨ। ਲੁਧਿਆਣਾ ਵਿੱਚ 59 ਸ਼ੈਲਰਾਂ ਅਤੇ ਮੋਗਾ ਵਿੱਚ 24 ਸ਼ੈਲਰਾਂ ਨੂੰ ਮੰਡੀਆਂ ਵਿੱਚ ਤਬਦੀਲ ਕੀਤਾ ਗਿਆ ਹੈ ਜਦਕਿ ਤਰਨ ਤਾਰਨ ਜ਼ਿਲੇ ਵਿੱਚ 33 ਆਰਜ਼ੀ ਮੰਡੀਆਂ ਸਥਾਪਤ ਕੀਤੀਆਂ ਗਈਆਂ ਹਨ।
ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਹੋਰ ਮੰਡੀਆਂ ਵਧਾਉਣ ਦਾ ਉਦੇਸ਼ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਮੰਡੀਆਂ ਵਿੱਚ ਭੀੜ-ਭੱੜਕੇ ਨੂੰ ਰੋਕਣਾ ਹੈ।  
——-

LEAVE A REPLY

Please enter your comment!
Please enter your name here