ਚੰਡੀਗੜ, 17 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਮੰਡੀ ਬੋਰਡ ਵੱਲੋਂ ਆੜਤੀਆਂ ਰਾਹੀਂ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਲਿਆਉਣ ਲਈ ਹੁਣ ਤੱਕ ਲਗਪਗ 2 ਲੱਖ 85 ਹਜ਼ਾਰ ਪਾਸ ਜਾਰੀ ਕੀਤੇ ਜਾ ਚੁੱਕੇ ਹਨ।
ਇਹ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਮੰਡੀਆਂ ਵਿੱਚ ਭੀੜ-ਭੜੱਕਾ ਰੋਕਣ ਲਈ ਇਸ ਵਾਰ 3691 ਮੰਡੀਆਂ ਬਣਾਈਆਂ ਗਈਆਂ ਹਨ ਜਿਨਾਂ ਵਿੱਚ ਆਰਜ਼ੀ ਤੌਰ ’ਤੇ ਬਣਾਈਆਂ 1824 ਮੰਡੀਆਂ ਵੀ ਸ਼ਾਮਲ ਹਨ। ਉਨਾਂ ਦੱਸਿਆ ਕਿ ਇਨਾਂ ਮੰਡੀਆਂ ਵਿੱਚ ਕਰੋਨਾਵਾਇਰਸ ਦੇ ਮੱਦੇਨਜ਼ਰ ਕਣਕ ਦੀ ਫੌਰੀ ਖਰੀਦ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮਾਰਕੀਟ ਕਮੇਟੀਆਂ ਵੱਲੋਂ ਆੜਤੀਆਂ ਰਾਹੀਂ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 2,84,285 ਪਾਸ ਕਿਸਾਨਾਂ ਨੂੰ ਹਾਸਲ ਹੋ ਚੁੱਕੇ ਹਨ ਤਾਂ ਕਿ ਉਹ ਵਾਰੋ-ਵਾਰੀ ਆਪਣੀ ਫਸਲ ਮੰਡੀਆਂ ਵਿੱਚ ਵੇਚ ਸਕਣ।
ਸ੍ਰੀ ਖੰਨਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਆੜਤੀਆਂ ਵੱਲੋਂ ਸਿੱਧੇ ਤੌਰ ’ਤੇ ਪਾਸ ਦਿੱਤੇ ਜਾ ਰਹੇ ਹਨ ਅਤੇ ਇਹ ਪਾਸ ਲੈਣ ਲਈ ਕਿਸੇ ਐਪ ਦੀ ਕੋਈ ਸ਼ਰਤ ਜਾਂ ਬੰਦਿਸ਼ ਨਹੀਂ ਹੈ। ਉਨਾਂ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਫਸਲ ਲਿਜਾਣ ਲਈ ਪਾਸ ਲੈਣ ਵਾਸਤੇ ਕਿਸੇ ਐਪ ਦੀ ਬਜਾਏ ਆਪਣੇ ਆੜਤੀਏ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਹੈ।
ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਮੌਜੂਦਾ ਮੰਡੀਕਰਨ ਸੀਜ਼ਨ ਦੌਰਾਨ ਸਭ ਤੋਂ ਵੱਧ ਤਰਜੀਹ ਸਮਾਜਿਕ ਦੂਰੀ ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ’ਤੇ ਦਿੱਤੀ ਜਾ ਰਹੀ ਤਾਂ ਕਿ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਕਿਸਾਨਾਂ ਲਈ ਮੰਡੀਆਂ ਵਿੱਚ ਸਿਹਤ ਸੁਰੱਖਿਆ ਉਪਾਵਾਂ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਸ੍ਰੀ ਖੰਨਾ ਨੇ ਦੱਸਿਆ ਕਿ ਸਾਰੀਆਂ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੇ ਹੱਥਾਂ ਨੂੰ ਸਾਫ ਰੱਖਣ ਲਈ 27000 ਲਿਟਰ ਸੈਨੀਟਾਈਜ਼ਰ ਮੁਹੱਈਆ ਕਰਵਾਇਆ ਗਿਆ ਹੈ ਤਾਂ ਕਿ ਕਰੋਨਾਵਾਇਰਸ ਦੇ ਰੋਗ ਨੂੰ ਪੂਰੀ ਤਰਾਂ ਅਸਰਹੀਣ ਬਣਾਈ ਰੱਖਿਆ ਜਾ ਸਕੇ। ਉਨਾਂ ਦੱਸਿਆ ਕਿ ਸਾਰੇ ਮੁੱਖ ਯਾਰਡ ਅਤੇ ਸਬ-ਯਾਰਡ ਵਿੱਚ 500 ਲਿਟਰ ਪਾਣੀ ਦੀ ਸਮਰਥਾ ਵਾਲੀਆਂ ਟੈਂਕੀਆਂ ਵਾਲੇ 1300 ਵਾਸ਼-ਬੇਸਣ ਲਾਏ ਜਾ ਚੁੱਕੇ ਹਨ ਅਤੇ ਇਨਾਂ ਵਾਸ-ਬੇਸਣਾਂ ਦੇ ਪੈਰਾਂ ਨਾਲ ਚੱਲਣ ਦੀ ਵਿਵਸਥਾ ਕੀਤੀ ਗਈ ਹੈ। ਉਨਾਂ ਇਹ ਵੀ ਦੱਸਿਆ ਕਿ ਸਾਰੀਆਂ ਮੰਡੀਆਂ ਵਿੱਚ ਮੁਕੰਮਲ ਸਫਾਈ ਅਤੇ ਸਿਹਤ ਸੁਰੱਖਿਆ ਲਈ ਸੋਡੀਅਮ ਹਾਈਪੋਕਲੋਰਾਈਟ ਨਾਲ ਛਿੜਕਾਅ ਕੀਤਾ ਜਾ ਰਿਹਾ ਹੈ।
————-