ਮਾਨਸਾ, 16 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਕਿਸੇ ਵੀ ਦੁਕਾਨ, ਹੋਟਲ, ਰੈਸਟੋਰੈਂਟ, ਹੁੱਕਾ ਬਾਰਾਂ ਅਤੇ ਜਨਤਕ ਸਥਾਨਾਂ ‘ਤੇ ਤੰਬਾਕੂ ਵੇਚਣ, ਪਾਨ ਮਸਾਲਾ ਖਰੀਦਣ, ਬਣਾਉਣ, ਸਟੋਰ ਕਰਨ, ਟਰਾਂਸਪੋਰਟ ਕਰਨ ਅਤੇ ਆਮ ਜਨਤਕ ਸਥਾਨ ‘ਤੇ ਪੀਣ ਜਾਂ ਵਰਤੋਂ ਕਰਨ ‘ਤੇ ਪੂਰਨ ਪਾਬੰਦੀ ਲਗਾਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਚਹਿਲ ਨੇ ਕਿਹਾ ਕਿ ਲੋਕ ਹਿੱਤ ਵਿੱਚ ਆਮ ਜਨਤਾ ਦੀ ਸਿਹਤ ਅਤੇ ਕੋਰੋਨਾ ਦੀ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਇਸ ਜ਼ਿਲ੍ਹੇ ਦੀ ਹਦੂਦ ਅੰਦਰ ਤੰਬਾਕੂ ਵੇਚਣ, ਪਾਨ ਮਸਾਲਾ ਖਰੀਦਣ, ਬਣਾਉਣ, ਸਟੋਰ ਕਰਨ, ਟਰਾਂਸਪੋਰਟ ਕਰਨ ਅਤੇ ਆਮ ਜਨਤਕ ਸਥਾਨ ‘ਤੇ ਪੀਣ ਜਾਂ ਵਰਤੋਂ ਕਰਨ ‘ਤੇ ਪੂਰਨ ਪਾਬੰਦੀ ਲਗਾਉਣੀ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਜੋ ਲੋਕ ਇਹ ਚੀਜ਼ਾਂ ਖਾਂਦੇ ਜਾਂ ਇਸਤੇਮਾਲ ਕਰਦੇ ਹਨ, ਉਨ੍ਹਾਂ ਦਾ ਇਸ ਮਹਾਂਮਾਰੀ ਬਿਮਾਰੀ ਨਾਲ ਪ੍ਰਭਾਵਿਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਚਹਿਲ ਨੇ ਕਿਹਾ ਕਿ ਇਸ ਤੋਂ ਇਲਾਵਾ ਜਿਸ ਵਿਅਕਤੀ ਵੱਲੋਂ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹ ਆਮ ਤੌਰ ‘ਤੇ ਜਨਤਕ ਥਾਵਾਂ ‘ਤੇ ਇਸ ਦਾ ਇਸਤੇਮਾਲ ਕਰਦੇ ਹੋਏ ਉੱਥੇ ਹੀ ਥੁੱਕ ਦਿੰਦੇ ਹਨ, ਜਿਸ ਨਾਲ ਵੀ ਇਸ ਮਹਾਂਮਾਰੀ ਦੇ ਵਧਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਕਿਉਂਕਿ ਹੁਣ ਕਣਕ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਆਮ ਤੌਰ ‘ਤੇ ਲੇਬਰ ਵੱਲੋਂ ਇਸ ਦਾ ਇਸਤੇਮਾਲ ਵੱਧ ਕੀਤਾ ਜਾਂਦਾ ਹੈ।
ਉਪਰੋਕਤ ਹੁਕਮ 31 ਮਈ 2020 ਤੱਕ ਲਾਗੂ ਰਹੇਗਾ।