ਕਰੋਨਾਵਾਇਰਸ ਬਾਰੇ ਬਾਦਲ ਦਾ ਵੱਡਾ ਦਾਅਵਾ

0
155

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਰੋਨਾਵਾਇਰਸ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਰੋਨਾਵਾਇਰਸ ਦੀ ਬਿਮਾਰੀ ਨਾਲੋਂ ਵੀ ਮਾੜੇ ਪ੍ਰਭਾਵ ਵੇਖਣ ਨੂੰ ਮਿਲਣਗੇ। ਉਂਝ ਉਨ੍ਹਾਂ ਨੇ ਕਰੋਨਾਵਾਇਰਸ ਤੋਂ ਬਚਾਅ ਲਈ ਦੇਸ਼ ਭਰ ਵਿੱਚ ਕੀਤੀ ਗਈ ਤਾਲਾਬੰਦੀ ਸਹੀ ਕਰਾਰ ਦਿੱਤਾ।

ਬਾਦਲ ਨੇ ਆਖਿਆ ਕਿ ਬੁਰੇ ਪ੍ਰਭਾਵ ਬਿਮਾਰੀ ਤੋਂ ਵੀ ਖ਼ਤਰਨਾਕ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੁਰੇ ਪ੍ਰਭਾਵਾਂ ਤੋਂ ਸਭ ਤੋਂ ਵੱਧ ਗਰੀਬ ਖਾਸ ਕਰਕੇ ਦਿਹਾੜੀਦਾਰ ਪ੍ਰਭਾਵਿਤ ਹਨ, ਜਿਨ੍ਹਾਂ ਦੀ ਤੁਰੰਤ ਦੇਖਭਾਲ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਖ਼ਿਲਾਫ਼ ਲੜਾਈ ਵਾਸਤੇ ਉਸੇ ਭਾਵਨਾ ਦੀ ਲੋੜ ਹੈ, ਜਿਸ ਤਰ੍ਹਾਂ ਦੀ ਭਾਵਨਾ ਲੋਕਾਂ ਅੰਦਰ ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਵਿਖਾਈ ਦਿੱਤੀ ਸੀ, ਕਿਉਂਕਿ ਇਹ ਵੀ ਹਰ ਨਾਗਰਿਕ ਵਾਸਤੇ ਆਜ਼ਾਦੀ ਅੰਦੋਲਨ ਵਰਗੀ ਹੀ ਗੰਭੀਰ ਚੁਣੌਤੀ ਹੈ।

ਉਨ੍ਹਾਂ ਭੁੱਖਮਰੀ ਤੇ ਗਰੀਬੀ, ਬੇਰੁਜ਼ਗਾਰੀ ਤੇ ਆਰਥਿਕ ਮੰਦੀ ਨੂੰ ਇਸ ਮਹਾਂਮਾਰੀ ਦੇ ਤਿੰਨ ਮੌਜੂਦਾ, ਦਰਮਿਆਨੇ ਤੇ ਦੂਰਗਾਮੀ ਬੁਰੇ ਪ੍ਰਭਾਵ ਕਰਾਰ ਦਿੰਦਿਆਂ ਤਿੰਨਾਂ ਦਾ ਮੁਕਾਬਲਾ ਕਰਨ ਲਈ ਇੱਕ ਠੋਸ ਰਣਨੀਤੀ ਘੜਨ ਦਾ ਸੱਦਾ ਦਿੱਤਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਮਹਾਮਾਰੀ ਖ਼ਿਲਾਫ਼ ਲੜਾਈ ਲੜਨ ਵਾਲੇ ਉਨ੍ਹਾਂ ਯੋਧਿਆਂ ਖਾਸ ਕਰਕੇ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ, ਪੁਲੀਸ ਤੇ ਸਿਵਲ ਨੂੰ ਸਲਾਮ ਕਰਦੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਕੋਲ ਸਖ਼ਤ ਤਾਲਾਬੰਦੀ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਪਰ ਗਰੀਬਾਂ ਲਈ ਬਿਨਾਂ ਆਮਦਨ ਤੋਂ 6 ਹਫ਼ਤੇ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਬਾਦਲ ਨੇ ਕਿਹਾ ਕਿ ਸਰਕਾਰੀ ਮਸ਼ੀਨਰੀ ਨੂੰ ਗਰੀਬਾਂ ਤਕ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਪਹੁੰਚਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪਰਵਾਸੀ ਮਜ਼ਦੂਰਾਂ ਨੂੰ ਵਾਪਸ ਆਪਣੇ ਘਰਾਂ ਵਿੱਚ ਜਾਣ ਲਈ ਯਾਤਰਾ ਦਾ ਸੁਰੱਖਿਅਤ ਸਾਧਨ ਪ੍ਰਦਾਨ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਤੇ ਖਰੀਦ ਦੌਰਾਨ ਕਿਸੇ ਵੀ ਵਿਅਕਤੀ ਦੀ ਖੱਜਲਖੁਆਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕੇਂਦਰ ਸਰਕਾਰ ਨੂੰ ਕਣਕ ਉੱਤੇ ਬੋਨਸ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਤੇ ਸਹਾਇਕ ਧੰਦਿਆਂ ਵਾਸਤੇ ਦਿੱਤੀ ਗਈ ਸਰਕਾਰੀ ਰਾਹਤ ਸਿੱਧੀ ਕਿਸਾਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਦੁੱਧ ਤੇ ਪੋਲਟਰੀ ਦੀਆਂ ਡਿੱਗ ਰਹੀਆਂ ਕੀਮਤਾਂ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਤੇ ਦੁੱਧ ਤੇ ਮੁਰਗੀ ਪਾਲਣ ਦੇ ਧੰਦਿਆਂ ਨੂੰ ਬਚਾਉਣ ਲਈ ਸਰਕਾਰ ਨੂੰ ਤੁਰੰਤ ਦਖ਼ਲ ਦੇਣ ਦਾ ਸੱਦਾ ਦਿੱਤਾ।

LEAVE A REPLY

Please enter your comment!
Please enter your name here