-ਮਾਨਸਾ ‘ਚ ਹੋਈ ਕਣਕ ਦੀ ਖਰੀਦ ਦੀ ਸ਼ੁਰੂਆਤ ; ਕਿਸਾਨਾਂ ਦਾ ਕੀਤਾ ਫੁੱਲਾਂ ਨਾਲ ਸਵਾਗਤ

0
8

ਮਾਨਸਾ, 15 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਕਿਸਾਨਾਂ ਵੱਲੋਂ ਮਿਹਨਤ ਨਾਲ ਤਿਆਰ ਕੀਤੀ ਗਈ ਕਣਕ ਦੀ ਫਸਲ ਦੀ ਪਹਿਲੀ ਬੋਲੀ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਅਤੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀਆਂ ਵਿੱਚੋਂ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦ ਕੀਤਾ ਜਾਵੇਗਾ ਅਤੇ ਮੰਡੀਆਂ ਅੰਦਰ ਕਿਸਾਨਾਂ ਨੂੰ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਖਰੀਦ ਕੇਂਦਰਾਂ ਵਿੱਚ ਇਸ ਬਿਮਾਰੀ ਤੋਂ ਬਚਾਅ ਲਈ ਪੂਰੀਆਂ ਸਾਵਧਾਨੀਆਂ ਵਰਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਟਰਾਲੀ ਦੇ ਖਰੀਦ ਕੇਂਦਰ ਅੰਦਰ ਦਾਖਲ ਹੁੰਦਿਆਂ ਹੀ ਪੂਰੀ ਟਰਾਲੀ ਨੂੰ ਸੈਨੇਟਾਈਜ਼ ਕੀਤਾ ਗਿਆ। ਇਸ ਉਪਰੰਤ ਕਿਸਾਨ ਅਤੇ ਟਰਾਲੀ ਦੇ ਡਰਾਇਵਰ ਦੇ ਹੱਥ ਧੁਆਏ ਗਏ ਅਤੇ ਮੰਡੀ ਵਿੱਚ ਆਉਣ ‘ਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਫੁੱਲ ਭੇਂਟ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਉਪਰੰਤ ਟਰਾਲੀ ਪਾਸ ਚੈਕ ਕੀਤੇ ਗਏ ਅਤੇ ਵਾਸ਼ ਬੇਸਿਨ ਨਾਲ ਚੰਗੀ ਤਰ੍ਹਾਂ ਕਿਸਾਨਾਂ ਦੇ ਹੱਥ ਧੁਆਏ ਗਏ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਅੰਦਰ ਪੇਂਟ ਨਾਲ 30×30 ਦੇ ਖਾਣੇ ਬਣਾਏ ਗਏ ਹਨ ਜਿੱਥੇ ਇੱਕ ਟਰਾਲੀ ਦੀ ਫਸਲ ਰੱਖੀ ਜਾ ਸਕਦੀ ਹੈ।ਡਿਪਟੀ ਕਮਿਸ਼ਨਰ ਨੇ ਸਮੂਹ ਆੜ੍ਹਤੀਆਂ, ਕਿਸਾਨਾਂ, ਟਰੱਕ-ਟਰਾਲੀ ਡਰਾਇਵਰਾਂ ਅਤੇ ਲੇਬਰ ਨੂੰ ਹਦਾਇਤ ਕੀਤੀ ਇਸ ਬਿਮਾਰੀ ਤੋਂ ਬਚੇ ਰਹਿਣ ਲਈ ਹਰੇਕ ਵਿਅਕਤੀ ਆਪਣਾ ਮੂੰਹ ਢੱਕ ਕੇ ਰੱਖੇ।ਉਨ੍ਹਾਂ ਕਿਹਾ ਕਿ ਮੰਡੀਆਂ ਅੰਦਰ ਸਮਾਜਿਕ ਦੂਰੀ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇਸ ਬਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਵੀ ਕਰ ਦਿੱਤੀਆਂ ਗਈਆਂ ਹਨ।
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀਆਂ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਹਰੇਕ ਟਰਾਲੀ ਨੂੰ ਸੈਨੇਟਾਈਜ਼ ਕਰ ਕੇ ਅੰਦਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਅੰਦਰ ਕੋਈ ਵੀ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਕੋਰੋਨਾ ਬਿਮਾਰੀ ਤੋਂ ਬਚਾਅ ਸਬੰਧੀ ਕੀਤੇ ਜਾ ਰਹੇ ਕੰਮਾਂ ਵਿੱਚ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਪੂਰਣ ਸਹਿਯੋਗ ਮਿਲ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਫੂਡ ਤੇ ਸਿਵਲ ਸਪਲਾਈ ਕੰਟਰੋਲਰ ਸ਼੍ਰੀਮਤੀ ਮਧੂ, ਡੀ.ਐਸ.ਪੀ. ਮਾਨਸਾ ਸ਼੍ਰੀ ਹਰਜਿੰਦਰ ਸਿੰਘ ਗਿੱਲ, ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਰਜਨੀਸ਼ ਗੋਇਲ ਅਤੇ ਸੈਕਟਰੀ ਮਾਰਕਿਟ ਕਮੇਟੀ ਮਾਨਸਾ ਸ਼੍ਰੀ ਚਮਕੌਰ ਸਿੰਘ ਤੋਂ ਇਲਾਵਾ ਆੜ੍ਹਤੀ ਅਤੇ ਕਿਸਾਨ ਮੌਜੂਦ ਸਨ

LEAVE A REPLY

Please enter your comment!
Please enter your name here