ਮਾਨਸਾ, 15 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਸਰਕਾਰੀ ਆਈ.ਟੀ.ਆਈ. ਮਾਨਸਾ ਦੀਆਂ ਸਿਖਿਆਰਥਣਾਂ ਵੱਲੋਂ ਸਮਾਜ ਸੇਵਾ ਲਈ ਆਪਣੇ ਹੁਨਰ ਦੀ ਵਰਤੋਂ ਕੀਤੀ ਜਾ ਰਹੀ ਹੈ। ਲੋੜਵੰਦ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਰੱਖਣ ਲਈ ਸਿਖਿਆਰਥਣਾਂ ਵੱਲੋਂ ਆਪਣੇ ਆਪਣੇ ਘਰ ਤੋਂ ਹੀ ਮਾਸਕ ਬਣਾਉਣ ਦਾ ਉਪਰਾਲਾ ਕੀਤਾ ਕਰ ਦਿੱਤਾ ਗਿਆ ਹੈ। ਇਹ ਮਾਸਕ ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡੇ ਜਾਣਗੇ ਤਾਂ ਜੋ ਹਰ ਕੋਈ ਇਹ ਮਹਾਂਮਾਰੀ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕੇ।
ਸੰਸਥਾ ਪ੍ਰਿੰਸੀਪਲ ਸ੍ਰੀ ਹਰਵਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਿਦਿਆਰਥਣਾਂ ਵੱਲੋਂ ਪਹਿਲੇ ਗੇੜ ਵਿਚ 5 ਹਜ਼ਾਰ ਮਾਸਕ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਇਹ ਮਾਸਕ ਲੋੜਵੰਦ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਅਤੇ ਲੋੜ ਅਨੁਸਾਰ ਹੋਰ ਮਾਸਕ ਤਿਆਰ ਕੀਤੇ ਜਾਣਗੇ।
ਸੰਸਥਾ ਮੁਖੀ ਨੇ ਦੱਸਿਆ ਕਿ ਸੰਸਥਾ ਵਿਚ ਸਿਲਾਈ ਘੜਾਈ ਦੇ ਮੈਡਮ ਕੁਲਵਿੰਦਰ ਕੌਰ ਅਤੇ ਅਮਨਪ੍ਰੀਤ ਕੌਰ ਦੁਆਰਾ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਸਿਖਿਆਰਥਣਾਂ ਦੇ ਸਹਿਯੋਗ ਨਾਲ ਮਾਸਕ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਖਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਜਿੰਮੇਵਾਰੀਆਂ ਪ੍ਰਤੀ ਵੀ ਸੁਚੇਤ ਹੋਣਾ ਲਾਜ਼ਮੀ ਹੁੰਦਾ ਹੈ ਅਤੇ ਅਜਿਹਾ ਸਿਖਿਆਰਥੀ ਹੀ ਇਕ ਜਿੰਮੇਵਾਰ ਨਾਗਰਿਕ ਬਣਨ ਦੇ ਸਮਰਥ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਆਈ.ਟੀ.ਆਈ. ਦੀਆਂ ਇਹ ਸਿਖਿਆਰਥਣਾ ਇਕ ਅਜਿਹੀ ਹੀ ਮਿਸਾਲ ਦੇ ਰਹੀਆਂ ਹਨ ਜਿੰਨ੍ਹਾਂ ਨੇ ਬਿਨਾਂ ਕਿਸੇ ਸਵਾਰਥ ਦੇ ਲੋਕ ਸੇਵਾ ਵਿਚ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਸੰਸਥਾ ਮੁਖੀ ਨੇ ਅਪੀਲ ਕੀਤੀ ਕਿ ਹਰ ਸਿਖਿਆਰਥੀ ਨੂੰ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਲੋਕ ਭਲਾਈ ਦੇ ਕਾਰਜਾਂ ਵਿਚ ਆਪਣਾ ਹਿੱਸਾ ਪਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਿਹਤਮੰਦ ਅਤੇ ਸਾਫ ਸੁਥਰੇ
ਸਮਾਜ ਦੀ ਸਿਰਜਣਾ ਹੋ ਸਕੇ।
ਐਨ.ਐਸ.ਐਸ. ਅਫ਼ਸਰ ਸ੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ਸਿਖਿਆਰਥਣਾਂ ਵੱਲੋਂ ਘਰਾਂ ਤੋਂ ਮਾਸਕ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ। ਮਾਸਕ ਬਣਾਉਣ ਲਈ ਕੱਪੜਾ ਸ਼ਹਿਰ ਦੇ ਦਾਨੀ ਸੱਜਣਾ ਵੱਲੋਂ ਦਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਅਜਿਹੇ ਸੇਵਾ ਕਾਰਜ ਸੰਸਥਾ ਦੁਆਰਾ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਪਾਬੰਦ ਹੋ ਕੇ ਇਸ ਬਿਮਾਰੀ ਨਾਲ ਨਜਿੱਠਣਾ ਚਾਹੀਦਾ ਹੈ ਅਤੇ ਘਰਾਂ ਵਿਚ ਹੀ ਰਹਿ ਕੇ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਆਪਣੀ ਸੁਰੱਖਿਆ ਹੀ ਪੂਰੇ ਸਮਾਜ ਦੀ ਸੁਰੱਖਿਆ ਹੈ, ਇਸ ਲਈ ਖੁਦ ਤੋਂ ਸ਼ੁਰੂਆਤ ਕਰਦੇ ਹੋਏ ਸੁਰੱਖਿਅਤ ਰਹੋ, ਤੰਦਰੁਸਤ ਰਹੋ।