-ਮਾਨਸਾ ਨਰਮੇ ਦੀ ਖਰੀਦ ਫਿਰ ਤੋਂ ਸ਼ੁਰੂ ਕਰਨ ਵਾਲਾ ਬਣਿਆ ਪਹਿਲਾ ਜ਼ਿਲ੍ਹਾ ਸਮਾਜਿਕ ਦੂਰੀ ਦਾ ਰੱਖਿਆ ਖਾਸ ਖਿਆਲ

0
42

ਮਾਨਸਾ, 14 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ)): ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਰਫਿਊ ਲਗਾਏ ਜਾਣ ਕਾਰਨ ਜ਼ਿਲ੍ਹਾ ਮਾਨਸਾ ਵਿਚ ਬਾਕੀ ਰਹਿ ਗਈ ਨਰਮੇ ਦੀ ਖਰੀਦ ਅੱਜ ਫੇਰ ਤੋਂ ਸ਼ੁਰੂ ਕਰਵਾ ਦਿੱਤੀ ਗਈ ਹੈ।  ਮਾਨਸਾ ਪਹਿਲਾ ਜ਼ਿਲ੍ਹਾ ਹੈ ਜਿਸ ਵਿਚ ਪਹਿਲ ਦੇ ਆਧਾਰ ਤੇ ਨਰਮੇ ਦੀ ਖਰੀਦ ਮੁੜ ਤੋਂ ਸ਼ੁਰੂ ਕਰਵਾਈ ਗਈ ਹੈ। ਕਿਸਾਨਾਂ ਨੂੰ ਰਾਹਤ ਦਿੰਦਿਆਂ ਮਾਨਸਾ ਜ਼ਿਲ੍ਹੇ ਵਿਚ ਪਹਿਲ ਦੇ ਆਧਾਰ ਤੇ ਕਣਕ ਦੀ ਖਰੀਦ ਪ੍ਰੋਜੈਕਟ ਦੇ ਤਹਿਤ ਹੀ ਨਰਮੇ ਦੀ ਵੀ ਬਾਕੀ ਰਹਿੰਦੀ ਖਰੀਦ ਸ਼ੁਰੂ ਕਰ ਕੀਤੀ ਹੈ।
    ਜ਼ਿਲ੍ਹਾ ਮੰਡੀ ਅਫ਼ਸਰ-ਕਮ-ਸਟੇਟ ਕਾਟਨ ਕੋਆਰਡੀਨੇਟਰ ਸ੍ਰੀ ਰਜਨੀਸ਼ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਤੇ ਨਰਮੇ ਦੀ ਬਾਕੀ ਰਹਿੰਦੀ ਖਰੀਦ ਫਿਰ ਤੋਂ ਸ਼ੁਰੂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ 9.40 ਲੱਖ ਕੁਇੰਟਲ ਦੇ ਕਰੀਬ ਨਰਮੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕੋਰੋਨਾ ਵਾਇਰਸ ਦੇ ਚਲਦਿਆਂ ਲਗਾਏ ਗਏ ਕਰਫਿਊ ਕਾਰਨ ਤਕਰੀਬਨ 50 ਹਜ਼ਾਰ ਕੁਇੰਟਲ ਨਰਮੇ ਦੀ ਖਰੀਦ ਬਾਕੀ ਰਹਿ ਗਈ ਸੀ ਜੋ ਕਿ ਇਕ ਮਹੀਨੇ ਦੇ ਅੰਦਰ ਅੰਦਰ ਨਿਪਟਾਉਣ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ਵਿਚ ਭੀੜ ਨੂੰ ਘਟਾਉਣ ਲਈ ਇਕ ਦਿਨ ਵਿਚ

ਸਿਰਫ 20 ਟਰਾਲੀਆਂ ਨੂੰ ਹੀ ਸਬੰਧਤ ਮਾਰਕਿਟ ਕਮੇਟੀ ਦੁਆਰਾ ਪਾਸ ਜਾਰੀ ਕੀਤੇ ਗਏ ਹਨ, ਜੋ ਕਿ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ਤੇ ਜਾਰੀ ਕੀਤੇ ਗਏ। 500 ਕੁਇੰਟਲ ਦੇ ਕਰੀਬ ਖਰੀਦ ਦਾ ਰੋਜ਼ਾਨਾ ਦਾ ਟੀਚਾ ਰੱਖਿਆ ਗਿਆ ਹੈ ਅਤੇ ਜੇਕਰ ਇਹ ਪ੍ਰਕਿਰਿਆ ਸਫਲਤਾਪੂਰਵਕ ਰਹੀ ਤਾਂ ਪਾਸ ਦੀ ਲਿਮਟ 20 ਤੋਂ ਵਧਾ ਕੇ 40 ਅਤੇ ਰੋਜ਼ਾਨਾ ਦੀ ਖਰੀਦ ਦਾ ਟੀਚਾ 1 ਹਜ਼ਾਰ ਕੁਇੰਟਲ ਤੱਕ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਕੁੱਲ੍ਹ 21 ਟਰਾਲੀਆਂ ਮੰਡੀ ਵਿਚ ਆਈਆਂ ਅਤੇ ਅੰਦਾਜ਼ਨ 446 ਕੁਇੰਟਲ ਦੀ ਖਰੀਦ ਸੀ.ਸੀ.ਆਈ. ਵੱਲੋਂ ਕੀਤੀ ਗਈ ਹੈ।
    ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ ਅਤੇ ਸੈਨੇਟਾਈਜ਼ਰ ਕਰਨ ਲਈ ਪੁਖਤਾ ਪ੍ਰਬੰਧ ਮੰਡੀ ਵਿਚ ਕੀਤੇ ਗਏ ਹਨ। ਕਾਟਨ ਯਾਰਡ ਵਿਚ ਆਉਣ ਵਾਲੇ ਹਰ ਵਿਅਕਤੀ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ। ਟਰਾਲੀਆਂ ਦੇ ਖੜ੍ਹੇ ਹੋਣ ਵਾਲੀ ਜਗ੍ਹਾ ਤੇ ਹਾਇਪਰੋਕਲੋਰਾਈਡ ਨਾਲ ਸਪਰੇਅ ਕੀਤੀ ਗਈ ਹੈ। ਸਾਰੇ ਕਾਟਨ ਯਾਰਡ ਵਿਚ 30 X 30 ਦੇ ਖਾਨੇ ਬਣਾਏ ਗਏ ਹਨ। ਨਰਮੇ ਦੀਆਂ ਟਰਾਲੀਆਂ ਇਨ੍ਹਾਂ ਖਾਨਿਆਂ ਵਿਚ ਹੀ ਖੜ੍ਹੀਆਂ ਕਰਵਾਈਆਂ ਜਾਂਦੀਆਂ।
    ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਮ ਸਰੂਪ ਦੁਆਰਾ ਮੰਡੀ ਵਿਚ ਨਰਮੇ ਦੀ ਖਰੀਦੋ ਫਰੋਖ਼ਤ ਸਬੰਧੀ ਚੈਕਿੰਗ ਦੌਰਾਨ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੇਬਰ ਨੂੰ ਆਪਸ ਵਿਚ ਘੱਟ ਤੋਂ ਘੱਟ 1.5 ਤੋਂ 2 ਮੀਟਰ ਦੀ ਦੂਰੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਨੇ ਹਾਲੇ ਤੱਕ ਨਰਮਾ ਨਹੀਂ ਵੇਚਿਆ ਉਹ ਨਰਮਾ ਵੇਚਣ ਸਬੰਧੀ ਕਰਫਿਊ ਪਾਸ ਲੈਣ ਲਈ ਸਬੰਧਤ ਮਾਰਕਿਟ ਕਮੇਟੀ ਅਤੇ ਸਬੰਧਤ ਆੜਤੀਏ ਨਾਲ ੇ ਸੰਪਰਕ ਕਰ ਸਕਦੇ ਹਨ। ਨਰਮੇ ਨੂੰ ਮੰਡੀ ਵਿਚ ਲਿਆਉਣ ਸਮੇਂ ਕੇਵਲ ਇਕ ਹੀ ਵਿਅਕਤੀ ਟਰੈਕਟਰ ਟਰਾਲੀ ਨਾਲ ਜਾਵੇ ਅਤੇ ਨਰਮੇ ਨੂੰ ਸਾਫ ਸੁੱਥਰਾ ਹੀ ਮੰਡੀ ਵਿਚ ਲਿਆਂਦਾ ਜਾਵੇ ਤਾਂ ਜੋ ਇਸ ਨੂੰ ਵੇਚਣ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

LEAVE A REPLY

Please enter your comment!
Please enter your name here