ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦੀ ਦਹਿਸ਼ਤ ‘ਚ ਦੂਸਰੇ ਦੇਸ਼ਾਂ ਤੋਂ 90 ਹਜ਼ਾਰ ਤੋਂ ਵੱਧ ਐਨਆਰਆਈਜ਼ ਆਏ ਹਨ। ਅਜਿਹੇ ‘ਚ ਪੰਜਾਬ ਸਰਕਾਰ ਵੱਡਾ ਕਦਮ ਚੁੱਕਣ ਦੀ ਤਿਆਰੀ ‘ਚ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਆਏ ਐਨਆਰਆਈਜ਼ ਨੂੰ ਸਖਤ ਚੇਤਾਵਨੀ ਦਿੱਤੀ ਹੈ। ਸੂਬਾ ਸਰਕਾਰ ਨੇ ਕਿਹਾ ਹੈ ਕਿ ਐਨਆਰਆਈ ਖੁਦ ਆਪਣੇ ਬਾਰੇ ਜਾਣਕਾਰੀ ਦੇਣ, ਨਹੀਂ ਤਾਂ ਉਨ੍ਹਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ।
ਸਰਕਾਰ ਨੇ ਇਸ ਤੋਂ ਪਹਿਲਾਂ ਐਨਆਰਆਈਜ਼ ਬਾਰੇ ਪਿੰਡਾਂ ਦੇ ਸਰਪੰਚਾਂ ਤੋਂ ਜਾਣਕਾਰੀ ਮੰਗੀ ਸੀ। ਸੂਬਾ ਸਰਕਾਰ ਨੇ ਕਿਹਾ ਸੀ ਕਿ ਜਨਵਰੀ ਤੋਂ ਹੁਣ ਤੱਕ ਵਿਦੇਸ਼ਾਂ ਤੋਂ ਪਰਤੇ ਐਨਆਰਆਈਜ਼ ਨੂੰ ਤੁਰੰਤ ਆਪਣੀ ਜਾਣਕਾਰੀ ਪ੍ਰਸ਼ਾਸਨ ਨੂੰ ਦੇਣ ਲਈ ਕਿਹਾ ਸੀ, ਪਰ ਅਜੇ ਤੱਕ ਵੀ ਅਜਿਹਾ ਨਹੀਂ ਹੋਇਆ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਪਹਿਲਾਂ ਹੀ ਕਹਿ ਚੁਕੇ ਹਨ ਕਿ ਪੰਜਾਬ ‘ਚ 90 ਹਜ਼ਾਰ ਐਨਆਰਆਈਜ਼ ਆ ਚੁੱਕੇ ਹਨ।
ਇਨ੍ਹਾਂ ‘ਚੋਂ 30,000 ਤੋਂ ਵੱਧ ਲੋਕਾਂ ਨਾਲ ਸਿਹਤ ਵਿਭਾਗ ਅਜੇ ਤੱਕ ਸੰਪਰਕ ਨਹੀਂ ਕਰ ਪਾਇਆ। ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ‘ਚੋਂ ਕਈਆਂ ‘ਚ ਕੋਵਿਡ-19 ਦੇ ਲੱਛਣ ਹਨ, ਪਰ ਉਹ ਇਹ ਜਾਣਕਾਰੀ ਛਿਪਾ ਰਹੇ ਹਨ। ਸਰਕਾਰ ਵਲੋਂ ਇਹ ਫੈਸਲਾ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਤਾਂ ਜੋ ਕੋਰੋਨਾਵਾਇਰਸ ਨੂੰ ਫੈਲ੍ਹਣ ਤੋਂ ਰੋਕਿਆ ਜਾ ਸਕੇ।