ਨਾਭਾ: ਪੂਰੀ ਦੁਨੀਆ ਕੋਰੋਨਾਵਾਇਰਸ ਦੀ ਮਾਰ ਹੇਠ ਹੈ। ਇਸ ਵਕਤ ਦੇਸ਼ ਭਰ ‘ਚ ਕੋਰੋਨਾ ਦਾ ਕਹਿਰ ਰੋਕਣ ਲਈ ਕਈ ਲਾਜ਼ਮੀ ਕਦਮ ਚੁੱਕੇ ਗਏ ਹਨ। ਕੱਲ੍ਹ ਬੀਤੀ ਰਾਤ 12 ਵਜੇ ਤੋਂ ਦੇਸ਼ 21 ਦਿਨ ਲਈ ਤਾਲਾਬੰਦੀ ਅਧੀਨ ਹੈ। ਪੰਜਾਬ ‘ਚ ਪਹਿਲਾਂ ਹੀ ਸਥਿਤੀ ਨੂੰ ਵੇਖਦੇ ਹੋਏ 31 ਮਾਰਚ ਤੱਕ ਕਰਫਿਊ ਲਾਗੂ ਹੈ। ਐਸੀ ਸਥਿਤੀ ‘ਚ ਵਿਆਹ ਜਾਂ ਹੋਰ ਸਮਾਗਮ ਕਰਨਾ ਬਹੁਤ ਔਖਾ ਹੋ ਗਿਆ ਹੈ। ਇਸੇ ਦੌਰਾਨ ਨਾਭਾ ‘ਚ ਇੱਕ ਵਿਆਹ ਹੋਇਆ।
ਨਾਭਾ ਦੇ ਐਸਡੀਐਮ ਮਨਜ਼ੂਰੀ ਲੈ ਕੇ ਦੁਲ੍ਹਾ ਆਪਣੇ ਪਰਿਵਾਰ ਦੇ ਦੋ ਮੈਂਬਰਾਂ ਪਿਤਾ ਤੇ ਭਰਾ ਸਮੇਤ ਵਿਆਹ ਕਰਵਾਉਣ ਪਟਿਆਲੇ ਪਹੁੰਚਿਆ। ਕੁਝ ਘੰਟਿਆਂ ਦੇ ਸਧਾਰਨ ਰੀਤੀ-ਰਿਵਾਜਾਂ ਦੇ ਨਾਲ ਦੁਲ੍ਹਾ (ਹਰਪ੍ਰਤਾਪ ਸਿੰਘ) ਆਪਣੀ ਦੁਲਹਨ (ਮਨਜੀਤ ਕੌਰ) ਨੂੰ ਨਾਲ ਲੈ ਕੇ ਆਪਣੇ ਘਰ ਨਾਭਾ ਪਹੁੰਚਿਆ।
ਦੁਲ੍ਹਾ ਹਰਪ੍ਰਤਾਪ ਸਿੰਘ ਤੇ ਦੁਲਹਨ ਮਨਜੀਤ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੋਰੋਨਾਵਾਇਰਸ ਦੀ ਵਧਦੀ ਮਹਾਮਾਰੀ ਨੂੰ ਦੇਖਦਿਆਂ ਹੀ ਇਹ ਫੈਸਲਾ ਲਿਆ ਗਿਆ ਹੈ। ਇਹ ਸਾਰਿਆਂ ਦੀ ਬਿਹਤਰੀ ਲਈ ਫੈਸਲਾ ਲਿਆ ਗਿਆ ਹੈ। ਅਸੀਂ ਵੀ ਇਸ ਸਾਦੇ ਵਿਆਹ ਤੋਂ ਬਹੁਤ ਖੁਸ਼ ਹਾਂ। ਸਾਡੇ ਚਾਅ ਤਾਂ ਭਾਵੇਂ ਇੱਕ ਪਾਸੇ ਅਧੂਰੇ ਰਹਿ ਗਏ ਪਰ ਇਸ ਵਿੱਚ ਸਾਰੀ ਮਾਨਵਤਾ ਦਾ ਭਲਾ ਹੈ। ਇਸ ਲਈ ਅਸੀਂ ਸਿਰਫ ਤੇ ਸਿਰਫ ਪਰਿਵਾਰ ਦੇ ਮੈਂਬਰ ਹੀ ਸ਼ਾਮਲ ਹੋਏ।
ਦੁਲ੍ਹੇ ਦੇ ਭਰਾ ਰਵਿੰਦਰ ਸਿੰਘ ਨੇ ਕਿਹਾ ਕਿ ਮੈਂ ਆਪਣੀ ਕਾਰ ਲੈ ਕੇ ਹੀ ਪਟਿਆਲੇ ਭਰਾ ਦਾ ਵਿਆਹ ਕਰਵਾਉਣ ਗਿਆ ਸੀ ਤੇ ਅਸੀਂ ਪਰਿਵਾਰ ਦੇ ਤਿੰਨ ਮੈਂਬਰ ਹੀ ਪਟਿਆਲੇ ਵਿਆਹ ਦੀਆਂ ਰਸਮਾਂ ਨਿਭਾਉਣ ਲਈ ਗਏ ਸੀ ਤੇ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਦੋਵੇਂ ਪਰਿਵਾਰਾਂ ਦੇ ਤਿੰਨ-ਤਿੰਨ ਮੈਂਬਰ ਹੀ ਵਿਆਹ ਸਮਾਗਮ ਕਰਕੇ ਹੁਣ ਨਾਭਾ ਪਹੁੰਚੇ ਹਾਂ ਤੇ ਅਸੀਂ ਬਹੁਤ ਖੁਸ਼ ਹਾਂ ਤੇ ਅਸੀਂ ਪੰਜਾਬ ਸਰਕਾਰ ਅਤੇ ਐਸਡੀਐਮ ਨਾਭਾ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਾਨੂੰ ਵਿਆਹ ਸਮਾਗਮ ਲਈ ਮਨਜ਼ੂਰੀ ਦਿੱਤੀ।