ਮਾਨਸਾ 15 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ)ਨੋਵਲ ਕਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਮਾਨਸਾ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ *ਤੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਅੱਜ ਮਾਨਸਾ ਸ਼ਹਿਰ ਦੇ ਪ੍ਰਮੁੱਖ ਪਾਰਕਾਂ ਵਿੱਚ ਉੱਥੇ ਸੈਰ ਕਰਨ ਅਤੇ ਖੇਡਣ ਆਉਣ ਵਾਲੇ ਵਿਅਕਤੀਆਂ ਨੂੰ ਨੁੱਕੜ ਮੀਟਿੰਗਾਂ ਰਾਹੀਂ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਾਣਕਾਰੀ ਦੇ ਕੇ ਕੀਤੀ ਗਈ.
ਇਸ ਮੁਹਿੰਮ ਨੂੰ ਮਾਨਸਾ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਵਿੱਚ ਸ਼ੁਰੂ ਕਰਨ ਲਈ ਮਾਨਸਾ ਦੇ ਸਮਾਜ ਸੇਵੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਵੱਲੋਂ ਸੀਐਮਓ ਡਾ. ਲਾਲ ਚੰਦ ਠੁਕਰਾਲ ਨਾਲ ਰਾਬਤਾ ਕਰਕੇ ਅਤੇ ਮਾਨਸਾ ਦੇ ਹੋਰ ਸਮਾਜ ਸੇਵੀਆਂ ਨੂੰ ਆਪਣੇ ਨਾਲ ਲੈ ਕੇ ਕੀਤੀ ਗਈ. ਅੱਜ ਇਸ ਸਬੰਧੀ ਪਹਿਲੀ ਮੀਟਿੰਗ ਸਵੇਰੇ ਤ੍ਰਿਵੈਣੀ ਮੰਦਿਰ ਦੇ ਨਜ਼ਦੀਕ ਮਿਉਂਸਪਲ ਪਾਰਕ ਵਿੱਚ ਕੀਤੀ ਗਈ ਅਤੇ ਉਸਤੋਂ ਬਾਅਦ ਮਾਨਸਾ ਸ਼ਹਿਰ ਦੇ ਨਵੇਂ ਬਣੇ ਗੁਰੂ ਨਾਨਕ ਸੈਂਟਰਲ ਪਾਰਕ ਵਿੱਚ ਮੀਟਿੰਗਾਂ ਕੀਤੀਆਂ ਗਈਆਂ.
ਸਿਹਤ ਵਿਭਾਗ ਵੱਲੋਂ ਡਾ. ਰਣਜੀਤ ਸਿੰਘ ਰਾਏ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾ. ਸੰਤੋਸ਼ ਭਾਰਤੀ ਨੋਡਲ ਅਫਸਰ ਸੀਓਪੀਆਈਡੀ 19 ਵੱਲੋਂ ਇਸ ਜਨ^ਸੰਪਰਕ ਮੁਹਿੰਮ ਵਿੱਚ ਮਾਨਸਾ ਸ਼ਹਿਰ ਵਾਸੀਆਂ ਨੂੰ ਕਰੋਨਾ ਵਾਇਰਸ ਬਾਰੇ ਜਾਣਕਾਰੀ ਦਿੱਤੀ ਗਈ. ਡਾ. ਰਣਜੀਤ ਰਾਏ ਨੇ ਕਰੋਨਾ ਵਾਇਰਸ ਕਿਸ ਤਰ੍ਹਾਂ ਫੈਲਦਾ ਹੈ ਅਤੇ ਕਰੋਨਾ ਵਾਇਰਸ ਦੇ ਬਚਾਓ ਲਈ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਇਸ ਦੇ ਕੀ ਲੱਛਣ ਹਨ, ਬਾਰੇ ਹਾਜ਼ਰ ਵਿਅਕਤੀਆਂ ਨੂੰ ਜਾਣਕਾਰੀ ਦਿੱਤੀ ਗਈ. ਇਸਤੋਂ ਇਲਾਵਾ ਉਨ੍ਹਾਂ ਕਰੋਨਾ ਵਾਇਰਸ ਬਾਰੇ ਹਾਜ਼ਰ ਮਾਨਸਾ ਸ਼ਹਿਰ ਵਾਸੀਆਂ ਦੇ ਸਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ.
ਡਾ. ਸੰਤੋਸ਼ ਭਾਰਤੀ ਨੋਡਲ ਅਫਸਰ ਸੀਓਵੀਆਈਡੀ 19 ਨੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਉਪਰੋਕਤ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ. ਸਰਕਾਰ ਵੱਲੋਂ ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਵੱਡੇ ਪੱਧਰ *ਤੇ ਪ੍ਰਬੰਧ ਕੀਤੇ ਹੋਏ ਹਨ. ਇਸ ਬਿਮਾਰੀ ਕਾਰਣ ਕੇਵਲ ਉਨ੍ਹਾਂ ਵਿਅਕਤੀਆਂ ਦੀ ਹੀ ਮੌਤ ਹੁੰਦੀ ਹੈ, ਜੋ ਵੱਡੀ ਉਮਰ ਦੇ ਹੁੰਦੇ ਹਨ ਅਤੇ ਕਿਸੇ ਬਿਮਾਰੀ ਤੋਂ ਪਹਿਲਾਂ ਪੀੜਿਤ ਹੋਣ. ਬਹੁਤੇ ਵਿਅਕਤੀ ਇਸ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਠੀਕ ਹੋ ਜਾਂਦੇ ਹਨ. ਉਨ੍ਹਾਂ ਕਿਹਾ ਕਿ ਪ੍ਰੋਟੀਨ ਅਤੇ ਵਿਟਾਮਿਨ ਸੀ ਭਰਪੂਰ ਭੋਜਨ ਖਾਣਾ ਚਾਹੀਦਾ ਹੈ ਜਿਸ ਨਾਲ ਵਿਅਕਤੀਆਂ ਦਾ ਇਮਊਨ ਸਿਸਟਮ ਸਹੀ ਰਹਿੰਦਾ ਹੈ. ਉਨ੍ਹਾਂ ਵੱਲੋਂ ਮਾਸਕ ਲਗਾਉਣ ਦਾ ਸਹੀ ਤਰੀਕਾ ਵੀ ਹਾਜ਼ਰ ਵਿਅਕਤੀਆਂ ਨੂੰ ਦੱਸਿਆ.
ਇਸ ਸਮੇਂ ਸਮਾਜ ਸੇਵੀ ਪ੍ਰੇਮ ਅੱਗਰਵਾਲ, ਜਤਿੰਦਰ ਆਗਰਾ, ਐਡਵੋਕਟ ਜਗਜੀਵਨ ਰਾਮ ਗੋਇਲ ਅਤੇ ਹੋਰ ਅਸ਼ੋਕ ਸਪੋਲੀਆ ਨੇ ਇਸ ਮੁਹਿੰਮ ਵਿੱਚ ਆਪਣੇ ਤੌਰ *ਤੇ ਅਤੇ ਸ਼ਹਿਰ ਦੀਆਂ ਹੋਰ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਇਸ ਮੁਹਿੰਮ ਨੂੰ ਘਰ ਘਰ ਪਹੁੰਚਾਉਣ ਲਈ ਜਲਦੀ ਹੀ ਮੁਹਿੰਮ ਸ਼ੁਰੂ ਕਰਨ ਬਾਰੇ ਦੱਸਿਆ. ਇਸ ਸਮੇਂ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਹਾਜ਼ਰ ਹੋਏ. ਇਸ ਮੌਕੇ ਬੋਲਦਿਆਂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਬਿਮਾਰੀ ਨਾਲ ਨਿਪਟਣ ਲਈ ਉਹ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਪੂਰਾ ਸਾਥ ਦੇਣਗੇ. ਇਸ ਬਿਮਾਰੀ ਨਾਲ ਨਜਿੱਠਣ ਲਈ ਲੋਕਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਚਾਹੀਦੀ ਹੈ ਅਤੇ ਜਿਹੜੀਆਂ ਵੀ ਕੋਈ ਸਮਾਜਿਕ ਜਥੇਬੰਦੀਆਂ ਸਰਗਰਮ ਹਨ, ਉਹਨਾਂ ਨੂੰ ਸਰਕਾਰ ਨਾਲ ਸਹਿਯੋਗ ਕਰਦੇ ਹੋਏ ਇਸ ਬਿਮਾਰੀ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਪ੍ਰਤੀ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ. ਇਸ ਸਮੇਂ ਐਡਵੋਕੇਟ ਕਮਲ ਗੋਇਲ, ਐਡਵੋਕੇਟ ਨਰੈਣ, ਰਵੀ ਕੁਮਾਰ ਸਿੰਗਲਾ, ਹੀਰਾ ਲਾਲ ਅਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ.