ਮੰਤਰੀਆਂ ਦੇ ਸਮੂਹ ਵੱਲੋਂ ਕਰੋਨਾ ਵਾਈਰਸ ਦੇ ਸੰਭਾਵੀ ਖਤਰਿਆਂ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਰੀਵੀਊ

0
4

ਚੰਡੀਗੜ੍ਹ, (ਸਾਰਾ ਯਹਾ, ਬਲਜੀਤ ਸ਼ਰਮਾ)11 ਮਾਰਚ: ਦੁਨੀਆਂ ਭਰ ਵਿੱਚ ਗੰਭੀਰ ਸੰਕਟ ਬਣੇ ਕਰੋਨਾ ਵਾਈਰਸ ਦੇ ਸੰਭਾਵੀ ਖਤਰਿਆਂ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਅੱਜ ਇੱਥੇ ਮੰਤਰੀਆਂ ਦੇ ਸਮੂਹ ਵੱਲੋਂ ਰੀਵੀਊ ਕੀਤਾ ਗਿਆ ਅਤੇ ਹਦਾਇਤ ਦਿੱਤੀ ਗਈ ਕਿ ਕਰੋਨਾ ਵਾਈਰਸ ਤੋਂ ਪੀੜਤ ਮਰੀਜਾਂ ਦਾ ਇਲਾਜ ਕਰਨ ਵਾਲੇ ਡਾਕਟਰੀ ਅਮਲੇ ਲਈ ਲੋੜੀਂਦੀਆਂ ਪੀ.ਪੀ.ਕਿੱਟਾਂ ਦੀ ਤੁਰੰਤ ਖਰੀਦ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਪੰਜਾਬ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਜਿਲ੍ਹੇ ਵਿੱਚ ਵੱਡੇ ਇੱਕਠ ਵਾਲੇ ਪ੍ਰੋਗਰਾਮ ਕਰਨ ਦੀ ਪ੍ਰਵਾਨਗੀ ਨਾ ਦੇਣ।

       ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਗਠਿਤ ਮੰਤਰੀਆਂ ਦੇ ਸਮੂਹ ਜਿਸ ਵਿੱਚ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ, ਪੇਂਡੂ ਵਿਕਾਸ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਕਰੋਨਾ ਵਾਈਰਸ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਰੀਵਿਊ ਕੀਤਾ ਗਿਆ। ਇਸ ਰੀਵਿਊ ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਮੌਜੂਦਾ ਸਮੇਂ ਇੱਕ ਵਿਅਕਤੀ ਕਰੋਨਾ ਵਾਈਰਸ ਤੋਂ ਪੀੜਤ ਪਾਇਆ ਗਿਆ ਹੈ ਜੋ ਕਿ ਆਪਣੇ ਪਰਿਵਾਰ ਸਹਿਤ ਇਟਲੀ ਤੋਂ ਆਇਆ ਸੀ। ਉਹਨਾਂ ਦੱਸਿਆ ਕਿ ਸੂਬੇ ਵਿੱਚ ਕਰੋਨਾ ਵਾਈਰਸ ਦੇ 14 ਸ਼ੱਕੀ ਮਰੀਜ ਸਾਹਮਣੇ ਆਏ ਹਨ ਜਦੋਂ ਕਿ ਪੂਰੇ ਦੇਸ਼ ਵਿੱਚ 60 ਕੇਸ ਸਾਹਮਣੇ ਆ ਚੁੱਕੇ ਹਨ।

       ਸ੍ਰੀ ਅਗਰਵਾਲ  ਨੇ ਦੱਸਿਆ ਕਿ ਜਿਹੜੇ ਵਿਅਕਤੀ ਹਾਈ ਰਿਸਕ ਦੇਸ਼ਾਂ ਤੋਂ ਆ ਰਹੇ ਹਨ, ਉਹਨਾਂ ਨੂੰ 14 ਦਿਨ ਲਈ ਆਇਸੋਲੇਸ਼ਨ ਵਾਰਡ ਵਿੱਚ ਲਾਜਮੀ ਤੌਰ ‘ਤੇ ਰੱਖਿਆ ਜਾਵੇਗਾ ਜਦ ਕਿ ਜਿਹੜੇ ਵਿਅਕਤੀ ਘੱਟ ਪ੍ਰਭਾਵਿਤ ਮੁਲਕਾਂ ਤੋਂ ਆ ਰਹੇ ਹਨ, ਉਹਨਾਂ ਤੋਂ ਅੰਡਰਟੇਕਿੰਗ ਲਈ ਜਾਵੇਗੀ ਕਿ ਉਹ ਅਗਾਮੀ 14 ਦਿਨ ਆਪਣੇ ਘਰ ਵਿੱਚ ਹੀ ਰਹਿਣਗੇ ਅਤੇ ਕਿਸੇ ਨਾਲ ਨਹੀਂ ਮਿਲਣਗੇ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਰਾਜ ਵਿੱਚ ਜਲਦ ਹੀ ਕਰੋਨਾ ਵਾਈਰਸ ਨਾਲ ਟਾਕਰੇ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਮੋਕ ਡਰਿੱਲ ਵੀ ਕਰਨ ਜਾ ਰਹੇ ਹਨ।

       ਇਸ ਮੌਕੇ ਮੰਤਰੀਆਂ ਦੇ ਸਮੂਹ ਨੂੰ ਜਾਣਕਾਰੀ ਦਿੰਦਿਆਂ ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਤੇ ਖੋਜ ਸ੍ਰੀ ਡੀ.ਕੇ.ਤਿਵਾੜੀ ਨੇ ਦੱਸਿਆ ਕਿ ਮੈਡੀਕਲ ਕਾਲਜ ਵੱਲੋਂ ਕਰੋਨਾ ਵਾਈਰਸ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਕਰ ਲਏ ਹਨ ਜਿਸ ਤਹਿਤ ਸੂਬੇ ਦੇ ਤਿੰਨੇ ਸਰਕਾਰੀ ਮੈਡੀਕਲ ਕਾਲਜ ਤੇ ਸਟਾਫ ਨੂੰ ਇਸ ਸਬੰਧੀ ਟ੍ਰੇਨਿੰਗ ਵੀ ਦਿੱਤੀ ਜਾ ਚੁੱਕੀ ਹੈ ਅਤੇ ਪੰਜਾਬ ਰਾਜ ਦੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਵੀ ਟ੍ਰੇਨਿੰਗ ਦੇਣ ਦੀ ਤਿਆਰੀ ਕਰ ਲਈ ਗਈ ਹੈ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਰਾਜ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ ਅਤੇ ਪੀ.ਜੀ.ਆਈ., ਚੰਡੀਗੜ੍ਹ ਵਿੱਚ ਕਰੋਨਾ ਵਾਈਰਸ ਸਬੰਧੀ ਮੁੱਢਲਾ ਟੈਸਟ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।  

—————-

LEAVE A REPLY

Please enter your comment!
Please enter your name here