ਕੋਰੋਨਾਵਾਇਰਲ ਨਾਲ ਲੜਨ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਹਿਮ ਕਦਮ

0
25

ਚੰਡੀਗੜ੍ਹ: ਦੇਸ਼ ’ਚ ਕਈ ਥਾਂਵਾਂ ’ਤੇ ਕਰੋਨਾਵਾਇਰਸ ਦੇ ਮਰੀਜ਼ ਸਾਹਮਣੇ ਆਉਣ ਮਗਰੋਂ ਪੰਜਾਬ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਟਿਆਲਾ ਸਣੇ ਸੂਬੇ ਦੇ ਕਈ ਹੋਰ ਸ਼ਹਿਰਾਂ ’ਚ 50 ਤੋਂ ਵੱਧ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਦੀ ਮੈਡੀਕਲ ਜਾਂਚ ਮਗਰੋਂ ਹੁਣ ਤੱਕ ਸੂਬੇ ਦੇ ਕਿਸੇ ਵੀ ਵਿਅਕਤੀ ਦੇ ਕਰੋਨਾਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਪਰ ਫੇਰ ਵੀ ਸਿਹਤ ਵਿਭਾਗ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕੁਝ ਆਦੇਸ਼ ਜਾਰੀ ਕਰਕੇ ਸੂਬੇ ਦੇ ਸਮੂਹ ਸਰਕਾਰੀ ਅਦਾਰਿਆਂ ’ਚ ਬਾਇਓਮੀਟਰਿਕ ਰਾਹੀਂ ਹਾਜ਼ਰੀ ਲਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਹੀ ਪੁਰਾਣੀ ਪ੍ਰਥਾ ਤਹਿਤ ਹੀ ਅਧਿਕਾਰੀਆਂ ਤੇ ਮੁਲਾਜ਼ਮਾਂ ਆਦਿ ਦੀ ਹਾਜ਼ਰੀ ਲਵਾਉਣ ਦੀ ਤਾਕੀਦ ਕੀਤੀ ਹੈ। ਅਜਿਹੀ ਕਾਰਵਾਈ ਕਰੋਨਾਵਾਇਰਸ ਦੇ ਬਚਾਅ ਲਈ ਜ਼ਰੂਰੀ ਹੈ।

ਛਾਤੀ ਤੇ ਸਾਹ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਕਿਹਾ ਕਿ ਸਾਵਧਾਨੀਆਂ ਵਰਤਣ ਦੀ ਲੋੜ ਹੈ। ਲੋਕਾਂ ਨੂੰ ਭੀੜ-ਭੜੱਕੇ ’ਚ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ। ਪੰਜਾਬ ਸਰਕਾਰ ਦੇਸ਼ਾਂ ਤੇ ਰਾਜਾਂ ਵਿੱਚੋਂ ਪਰਤ ਰਹੇ ਵਿਅਕਤੀਆਂ ’ਤੇ ਵਿਸ਼ੇਸ਼ ਤੌਰ ’ਤੇ ਨਿਗ੍ਹਾ ਰੱਖ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਨਾਲ ਨਜਿੱਠਣ ਲਈ ਸੂਬੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਸਿਹਤ ਵਿਭਾਗ ਨੂੰ ਪੂਰੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖਣ ਦਾ ਹੁਕਮ ਦਿੱਤਾ। ਉਨ੍ਹਾਂ ਲੋਕਾਂ ਨੂੰ ਇਹਤਿਆਤ ਵਜੋਂ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਨਾ ਜਾਣ ਦੀ ਅਪੀਲ ਕੀਤੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੋਰੋਨਵਾਇਰਸ ਨਾਲ ਨਜਿੱਠਣ ਲਈ ਸੂਬੇ ਦੀ ਤਿਆਰੀ ਦਾ ਜਾਇਜ਼ਾ ਲਿਆ। ਇਸ ਉੱਚ ਪੱਧਰੀ ਬੈਠਕ ‘ਚ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਸਿਹਤ ਵਿਭਾਗ ਦੇ ਮੁੱਖ ਦਫ਼ਤਰ ‘ਚ ਇੱਕ ਰਾਜ ਪੱਧਰੀ ਕੰਟਰੋਲ ਰੂਮ (ਫ਼ੋਨ ਨੰਬਰ -88720-90029 / 0172-2920074) ਵੀ ਸਥਾਪਤ ਕੀਤਾ ਗਿਆ ਹੈ ਤਾਂ ਜੋ ਕਿਸੇ ਸ਼ਿਕਾਇਤ ਜਾਂ ਸੰਕਟ ਦੀ ਸਥਿਤੀ ‘ਚ ਤੁਰੰਤ ਕਾਰਵਾਈ ਕੀਤੀ ਜਾ ਸਕੇ।

43 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ:

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਭਰ ’ਚ ਹੁਣ ਤੱਕ 52 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 43 ਵਿਅਕਤੀਆਂ ਦੇ ਮੈਡੀਕਲ ਟੈਸਟ ਨੈਗੇਟਿਵ ਮਿਲੇ ਹਨ ਜਦੋਂ ਕਿ ਨੌਂ ਹੋਰਨਾਂ ਸ਼ੱਕੀ ਮਰੀਜ਼ਾਂ ਦੀਆਂ ਰਿਪੋਰਟਾਂ 6 ਮਾਰਚ ਨੂੰ ਆਉਣੀਆਂ ਹਨ।

ਉਨ੍ਹਾਂ ਦੱਸਿਆ ਕਿ 70 ਹਜ਼ਾਰ ਵਿਅਕਤੀਆਂ ਦੀ ਜਾਂਚ ਹੋ ਚੁੱਕੀ ਹੈ ਅਤੇ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿਚੱ ਵਿਸ਼ੇਸ਼ ਵਾਰਡ ਬਣਾ ਕੇ 649 ਬੈੱਡ ਤਿਆਰ ਕਰਵਾਏ ਗਏ ਹਨ ਜਦਕਿ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ’ਚ ਅਜਿਹੇ 30 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਮੱਸਿਆ ਨਾਲ ਨਿਪਟਾਰੇ ਲਈ ਮੁੱਖ ਮੰਤਰੀ ਵੱਲੋਂ ਫੰਡਾਂ ਦਾ ਵੀ ਖੁੱਲ੍ਹਾ ਪ੍ਰਬੰਧ ਕੀਤਾ ਗਿਆ ਹੈ।

LEAVE A REPLY

Please enter your comment!
Please enter your name here