
ਮਾਨਸਾ, 24 ਫਰਵਰੀ :(ਸਾਰਾ ਯਹਾਂ/ਮੁੱਖ ਸੰਪਾਦਕ)
ਹਾੜੀ ਦੀ ਫਸਲ ਦਾ ਝਾੜ ਵਧੀਆ ਰਹੇ ਅਤੇ ਆਉਣ ਵਾਲੀ ਸਾਉਣੀ ਦੀ ਫਸਲਾਂ ਨਰਮਾ ਅਤੇ ਝੋਨੇ ਦੀ ਵਧੀਆ ਵਿਊਂਤਬੰਦੀ ਕਰਕੇ ਉਸਨੂੰ ਕਾਮਯਾਬ ਬਣਾਉਣ ਦੀ ਅਰਦਾਸ ਕਰਦਿਆਂ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਕਾਸ ਦਫ਼ਤਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ., ਐਸ.ਡੀ.ਐਮ. ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ ਅਤੇ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀਮਤੀ ਹਰਪ੍ਰੀਤਪਾਲ ਕੌਰ ਮੌਜੂਦ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਹਾੜੀ ਅਤੇ ਸਾਉਣੀ ਦੀ ਫਸਲ ਪੂਰੀ ਤਰ੍ਹਾਂ ਨਾਲ ਭਰਪੂਰ ਅਤੇ ਬਿਮਾਰੀ ਰਹਿਤ ਹੋਵੇ ਅਤੇ ਕਿਸਾਨਾਂ ਨੂੰ ਵਧੀਆ ਝਾੜ ਪ੍ਰਾਪਤ ਹੋਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕਰਦਿਆਂ ਖੇਤੀਬਾੜੀ ਦਫ਼ਤਰ ਦੇ ਵਿਹੜੇ ਪੌਦੇ ਵੀ ਲਗਾਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪੌਦੇ ਲਗਾਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀਮਤੀ ਹਰਪ੍ਰੀਤਪਾਲ ਕੌਰ ਨੇ ਕਿਹਾ ਕਿ ਸਾਉਣੀ ਦੀ ਫਸਲ ਦੇ ਐਕਸ਼ਨ ਪਲਾਨ ਤਿਆਰ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਆਸ਼ੀਰਵਾਦ ਲਈ ਅੱਜ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਨੂੰ ਕੀੜਿਆਂ ਤੋਂ ਬਚਾਉਣ ਲਈ 25 ਫਰਵਰੀ ਤੋਂ ਨਦੀਨ ਨਸ਼ਟ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਦੀ ਫਸਲ ਲਈ ਖੇਤੀਬਾੜੀ ਮਾਹਿਰਾਂ ਵੱਲੋਂ ਦੱਸੀਆਂ ਜਾਂਦੀਆਂ ਅਹਿਤਿਆਤਾਂ ਨੂੰ ਧਿਆਨ ਵਿੱਚ ਜ਼ਰੂਰ ਰੱਖਣ।
ਇਸ ਮੌਕੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਹਰਬੰਸ ਸਿੰਘ, ਆਤਮਾ ਪ੍ਰੋਜੈਕਟ ਚੇਅਰਮੈਨ ਡਾ. ਚਮਨਦੀਪ ਸਿੰਘ, ਬਲਾਕ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਜਸਲੀਨ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗ ਦੇ ਅਧਿਕਾਰੀ, ਕਰਮਚਾਰੀ, ਯੁਨੀਅਨ ਖਾਦ, ਬੀਜ ਅਤੇ ਕੀਟਨਾਸ਼ਕ ਮਾਨਸਾ ਅਤੇ ਅਗਾਂਹਵਧੂ ਕਿਸਾਨ ਮੌਜੂਦ ਸਨ।
