*ਲਿਪਸੀ ਕਤਲ ਦੇ ਦੋਸ਼ੀਆਂ ਨੂੰ ਸਰਕਾਰ ਫਾਸਟ ਟਰੈਕ ਕੋਰਟ ਬਣਾ ਕੇ ਤੁਰੰਤ ਫਾਂਸੀ ਦੇਵੇ*

0
114

ਵੱਡੀ ਗਿਣਤੀ ‘ਚ ਕੈਂਡਲ ਮਾਰਚਾਂ ਰਾਹੀਂ ਰਾਜ ਭਰ ਦੇ ਲੋਕ ਲਿਪਸੀ ਦੇ ਹੱਕ ‘ਚ ਡਟੇ: ਰਾਜੇਸ਼ ਬੁਢਲਾਡਾ

ਮਾਨਸਾ, 21 ਫ਼ਰਵਰੀ: (ਸਾਰਾ ਯਹਾਂ/ਮੁੱਖ ਸੰਪਾਦਕ) ਲਿਪਸੀ ਕਾਂਡ ਜੋ ਕਿ ਚਾਰ-ਪੰਜ ਦਿਨ ਪਹਿਲਾਂ ਲੁਧਿਆਣਾ ਤੋਂ ਸ਼ੁਰੂ ਹੋਇਆ ਸੀ, ਹੁਣ ਇਸ ਦੀ ਚਿੰਗਾਰੀ ਪੂਰੇ ਪੰਜਾਬ ਅੰਦਰ ਫੈਲ ਗਈ ਹੈ। ਲੋਕਾਂ ਨੇ ਆਪਣੇ ਕੰਮ ਛੱਡ ਦਿੱਤੇ ਹਨ, ਜ਼ਬਾਨ ਤੇ ਬਸ ਇੱਕੋ ਨਾਮ ਹੈ ‘ਲਿਪਸੀ ਦੇ ਕਾਤਲਾਂ ਨੂੰ ਫਾਂਸੀ ਦੇਵੋ’। ਦਿਲ ਦਹਿਲਾਉਣ ਵਾਲੀ ਗੱਲ ਇਹ ਹੈ ਕਿ ਦੋਸ਼ੀਆਂ ਨੇ ਲਿਪਸੀ ਮਿੱਤਲ ਦੇ ਏਨੇ ਟੋਟੇ ਕਰ ਕੇ ਉਹ ਦਰਦਨਾਕ ਮੌਤ ਦਿੱਤੀ ਸੀ, ਜਿਸ ਤੇ ਸਾਰਾ ਪੰਜਾਬ ਸ਼ਰਮਸ਼ਾਰ ਹੋ ਗਿਆ। ਲੋਕਾਂ ਨੇ ਤਹੱਈਆ ਕਰ ਲਿਆ ਹੈ ਕਿ ਹੁਣ ਉਹ ਕਿਸੇ ਵੀ ਹਾਲਤ ‘ਚ ਪਿੱਛੇ ਨਹੀਂ ਹਟਣਗੇ, ਦੋਸ਼ੀਆਂ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾ ਕੇ ਹੀ ਦਮ ਲੈਣਗੇ। ਲੋਕ ਆਪ ਮੁਹਾਰੇ ਹੀ ਆਏ ਦਿਨ ਆਪੋ-ਆਪਣੇ ਸ਼ਹਿਰਾਂ ‘ਚ ਕੈਂਡਲ ਮਾਰਚ ਕੱਢ ਕੇ ਰੋਹ ਪ੍ਰਗਟ ਕਰ ਰਹੇ ਹਨ। ਇੱਥੋਂ ਤੱਕ ਕਿ ਸਕੂਲ, ਕਾਲਜਾਂ ‘ਚ ਵੀ ਬੱਚੇ ਇਨਸਾਫ ਦੀ ਪੁਕਾਰ ਲਗਾ ਰਹੇ ਹਨ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕਾਂ ਦੀ ਜੰਥੇਬੰਦੀ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਜੋ ਕਿ ਲਿਪਸੀ ਮਿੱਤਲ ਦੇ ਰਿਸ਼ਤੇਦਾਰ ਹਨ ਨੇ ਕਿਹਾ ਕਿ ਜਦੋਂ ਲੋਕਾਂ ਦਾ ਹਜ਼ੂਮ ਇਨਸਾਫ਼ ਲਈ ਵੱਡੀ ਪੱਧਰ ਤੇ ਸੜਕਾਂ ਤੇ ਆਣ ਖਲੋ ਜਾਂਦਾ ਹੈ, ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਨੂੰ ਵੀ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲੇ ਲੈਣੇ ਹੀ ਪੈਂਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਲੁਧਿਆਣਾ ਪੁਲਿਸ ਨੇ ਸਨਸਨੀਖੇਜ਼ ਕਤਲ ਕਾਂਡ ਦਾ ਪਰਦਾਫਾਸ਼ ਕਰਕੇ ਦੋਸ਼ੀ ਪਤੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਦੱਸ ਦੇਈਏ ਕਿ ਘਟਨਾ ਵਾਲੀ ਰਾਤ ਉਸ ਸਮੇਂ ਵਾਪਰੀ, ਜਦੋਂ ਆਲੋਕ ਮਿੱਤਲ ਬੀ-ਮੈਕਸ ਮਾਲ ਤੋਂ ਆਪਣੀ ਪਤਨੀ ਲਿਪਸੀ ਮਿੱਤਲ ਨਾਲ ਰਾਤ ਦਾ ਖਾਣਾ ਖਾ ਕੇ ਵਾਪਸ ਆ ਰਹੇ ਸਨ। ਆਲੋਕ ਨੇ ਡੇਹਲੋਂ ਨੇੜੇ ਕਾਰ ਰੋਕੀ ਅਤੇ ਬਾਥਰੂਮ ਜਾਣ ਦਾ ਬਹਾਨਾ ਬਣਾ ਲਿਆ। ਫਿਰ ਕੁਝ ਬਦਮਾਸ਼ਾਂ ਨੇ ਕਾਰ ‘ਤੇ ਹਮਲਾ ਕਰ ਦਿੱਤਾ, ਉਨ੍ਹਾਂ ਨੇ ਪਹਿਲਾਂ ਆਲੋਕ ‘ਤੇ ਹਮਲਾ ਕੀਤਾ ਅਤੇ ਜਦੋਂ ਲਿਪਸੀ ਆਪਣੇ ਪਤੀ ਨੂੰ ਬਚਾਉਣ ਲਈ ਆਈ ਤਾਂ ਉਨ੍ਹਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬਦਮਾਸ਼ ਉਸ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਇਹ ਲੁੱਟ ਦੀ ਘਟਨਾ ਮੰਨੀ ਜਾ ਰਹੀ ਸੀ ਪਰ ਡੂੰਘਾਈ ਨਾਲ ਕੀਤੀ ਗਈ ਜਾਂਚ ਵਿੱਚ ਸੱਚਾਈ ਸਾਹਮਣੇ ਆਈ। ਇਹ ਕੋਈ ਡਕੈਤੀ ਨਹੀਂ ਸੀ, ਸਗੋਂ ਆਲੋਕ ਵੱਲੋਂ ਰਚੀ ਗਈ ਸਾਜ਼ਿਸ਼ ਸੀ। ਉਸ ਨੇ ਆਪਣੇ ਦਫ਼ਤਰ ਵਿੱਚ ਕੰਮ ਕਰਨ ਵਾਲੀ ਇੱਕ ਕੁੜੀ ਨਾਲ ਮਿਲ ਕੇ ਇਹ ਸਾਜਿਸ਼ ਰਚੀ ਤੇ ਇਸ ਕਤਲ ਨੂੰ ਲੁੱਟ ਦੀ ਵਾਰਦਾਤ ਦਾ ਰੂਪ ਦੇ ਦਿੱਤਾ ਸੀ। ਪ੍ਰੰਤੂ ਪੁਲਿਸ ਨੇ ਜਦੋਂ ਆਲੋਕ ਮਿੱਤਲ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਕਤਲ ਵਿੱਚ ਸ਼ਾਮਲ ਆਲੋਕ, ਉਸਦੀ ਪ੍ਰੇਮਿਕਾ ਅਤੇ ਚਾਰ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਘਟਨਾ ਤੋਂ ਬਾਅਦ ਜਦੋਂ ਲਿਪਸੀ ਦਾ ਪਰਿਵਾਰ ਲੁਧਿਆਣਾ ਪਹੁੰਚਿਆ ਤਾਂ ਉਨ੍ਹਾਂ ਨੇ ਲੁਧਿਆਣਾ ਵਿਖੇ ਧਰਨਾ ਦਿੱਤਾ ਤਾਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਆਲੋਕ ਵੀ ਉਨ੍ਹਾਂ ਦੇ ਵਿਚਕਾਰ ਬੈਠਾ ਸੀ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕਰ ਰਿਹਾ ਸੀ। ਪੁਲੀਸ ਨੇ ਉਸ ਨੂੰ ਮੈਡੀਕਲ ਚੈੱਕਅਪ ਦੇ ਬਹਾਨੇ ਹਿਰਾਸਤ ‘ਚ ਲੈ ਲਿਆ ਅਤੇ ਬਾਅਦ ਵਿੱਚ ਸਖ਼ਤੀ ਨਾਲ ਪੁੱਛਗਿੱਛ ਕਰਨ ‘ਤੇ ਕਤਲ ਦੀ ਸਾਜ਼ਿਸ਼ ਦਾ ਖੁਲਾਸਾ ਕੀਤਾ। ਮੁੱਖ ਮੁਲਜ਼ਮ ਆਲੋਕ, ਉਸ ਦੀ ਪ੍ਰੇਮਿਕਾ ਅਤੇ ਚਾਰ ਹੋਰ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ‘ਤੇ ਲਿਆ ਗਿਆ ਹੈ। ਰਾਜ ਭਰ ਦੀਆਂ ਵੱਖ ਵੱਖ ਸੰਸਥਾਵਾਂ, ਜੰਥੇਬੰਦੀਆਂ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਕੇ ਫਾਸਟ ਟਰੈਕ ਕੋਰਟ ਬਣਾ ਕੇ ਕਾਤਲਾਂ ਦੀ ਸਾਰੀ ਪ੍ਰੋਪਰਟੀ ਜ਼ਬਤ ਕਰਕੇ ਉਹਨਾਂ ਨੂੰ ਫਾਂਸੀ ਦੀ ਤੁਰੰਤ ਸਜ਼ਾ ਦੇਣ ਦੀ ਮੰਗ ਕਰ ਰਹੀਆਂ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੇਕਰ ਲਿਪਸੀ ਮਿੱਤਲ ਨੂੰ ਜਲਦੀ ਹੀ ਇਨਸਾਫ਼ ਨਾ ਮਿਲਿਆ, ਤਾਂ ਆਉਣ ਵਾਲੇ ਸਮੇਂ ਦੌਰਾਨ ਲੋਕਾਂ ਦੇ ਸੰਘਰਸ਼ ਦੀ ਜਵਾਲਾ ਹੋਰ ਤਿੱਖਾ ਰੂਪ ਧਾਰਨ ਕਰੇਗੀ।

LEAVE A REPLY

Please enter your comment!
Please enter your name here