*7 ਮਾਰਚ ਨੂੰ ਮਾਤਾ ਸੁੰਦਰੀ ਕਾਲਜ ਵਿਖੇ ਮਨਾਇਆ ਜਾਵੇਗਾ ਅੰਤਰ-ਰਾਸ਼ਟਰੀ ਮਹਿਲਾ ਦਿਵਸ-ਏਡੀਸੀ*

0
22

ਮਾਨਸਾ, 21 ਫਰਵਰੀ : (ਸਾਰਾ ਯਹਾਂ/ਮੁੱਖ ਸੰਪਾਦਕ)
ਅੰਤਰਾਸ਼ਟਰੀ ਮਹਿਲਾ ਦਿਵਸ ਭਿੰਨ-ਭਿੰਨ ਸਮਾਜਿਕ, ਰਾਜਨੀਤਿਕ ਅਤੇ ਸੰਸਕ੍ਰਿਤਕ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕਰਨ ਸਦਕਾ ਮਨਾਇਆ ਜਾਂਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਰਮਲ ਓਸੇਪਚਨ ਨੇ 07 ਮਾਰਚ 2025 ਨੂੰ ਸਥਾਨਕ ਮਾਤਾ ਸੁੰਦਰੀ ਗਰਲਜ਼ ਕਾਲਜ ਵਿਖੇ ਮਨਾਏ ਜਾਣ ਵਾਲੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਦੇ ਪ੍ਰਬੰਧਾਂ ਸਬੰਧੀ ਕੀਤੀ ਗਈ ਅਹਿਮ ਮੀਟਿੰਗ ਦੌਰਾਨ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ ਮਾਨਸਾ ਜ਼ਿਲ੍ਹੇ ਦੀਆਂ 15 ਦੇ ਕਰੀਬ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਵੱਡੇ ਪੱਧਰ ’ਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਟੀਮਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮਾਗਮ ਦੌਰਾਨ ਸਭਿਆਚਾਰਕ ਗਤੀਵਿਧੀਆਂ ਅਤੇ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ।
ਉਨ੍ਹਾਂ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਗਠਿਤ ਕੀਤੀਆਂ ਗਈਆਂ ਕਮੇਟੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਸਮਾਗਮ ਵਿੱਚ ਸਮੂਹ ਟੀਮਾਂ ਆਪਸੀ ਤਾਲਮੇਲ ਨਾਲ ਕੰਮ ਕਰਨ, ਤਾਂ ਜੋ ਸਮਾਗਮ ਵਾਲੇ ਦਿਨ ਕੋਈ ਵੀ ਕਮੀ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗੇਤੇ ਪ੍ਰਬੰਧ ਸਮਾਂ ਰਹਿੰਦਿਆਂ ਹੀ ਮੁਕੰਮਲ ਕਰ ਲਏ ਜਾਣ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਤੀਸ਼ਾ ਅੱਤਰੀ, ਸੀ.ਡੀ.ਪੀ.ਓ. ਹਰਜਿੰਦਰ ਕੌਰ, ਡੀ.ਡੀ.ਐਫ. ਦੇਬਅਸਮਿਤਾ, ਡੀ.ਪੀ.ਐਮ. ਜਸਵਿੰਦਰ ਕੌਰ, ਵਨ ਸਟਾਪ ਸੈਂਟਰ ਇੰਚਾਰਜ ਗਗਨਦੀਪ ਕੌਰ, ਪ੍ਰੋਫੈਸਰ ਡਾ. ਕਿਰਨ ਬਾਲਾ, ਪ੍ਰੋਫੈਸਰ ਸੁਰਭੀ ਲਖਨਪਾਲ,  ਸੁਪਰਵਾਇਜ਼ਰ ਸੁਮਨਪ੍ਰੀਤ ਕੌਰ, ਰਣਜੀਤ ਕੌਰ ਤੇ ਸੀਮਾ, ਸਮਾਜ ਸੇਵੀ ਸੁਨੀਤਾ ਰਾਣੀ, ਆਦਿਤਯ ਕੁਮਾਰ ਅਤੇ ਨਿਧੀ ਮੌਜੂਦ ਸਨ।

LEAVE A REPLY

Please enter your comment!
Please enter your name here