
ਮਾਨਸਾ, 19 ਫਰਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ.ਵਿਜੈ ਸਿੰਗਲਾ ਉਪਰ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਆਗੂ ਅਤੇ ਪੈਨਸ਼ਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਿਕਰ ਸਿੰਘ ਮਘਾਣੀਆ ਨੂੰ ਗਾਲੀ ਗਲੋਚ ਕਰਨ ਦੇ ਦੋਸ਼ ਲੱਗੇ ਹਨ। ਡਾ.ਸਿੰਗਲਾ ਨੇ ਇਹ ਵਰਤਾਓ ਉਨ੍ਹਾਂ ਦੀ ਉੱਘੀ ਸਮਾਜ ਸੇਵੀ ਧੀ ਜੀਤ ਦਹੀਆਂ ਅਤੇ ਹੋਰਨਾਂ ਸਮਾਜ ਸੇਵੀ ਮਹਿਲਾਵਾਂ ਦੀ ਹਾਜ਼ਰੀ ਵਿੱਚ ਇਕ ਧਾਰਮਿਕ ਸਮਾਗਮ ਦੌਰਾਨ ਕੀਤਾ। ਸ੍ਰੀ ਮਘਾਣੀਆ ਜੋ ਸ਼ਹਿਰ ਦੀ ਪ੍ਰਮੁੱਖ ਸੰਸਥਾ ਵੁਆਇਸ ਆਫ਼ ਮਾਨਸਾ ਦੇ ਵੀ ਸੀਨੀਅਰ ਆਗੂ ਹਨ ਨੇ ਜਦੋਂ ਇਹ ਮਸਲਾ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਲੋੜੀਂਦੀ ਪੜਤਾਲ ਤੋਂ ਬਾਅਦ ਸੰਸਥਾ ਨੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਵਿਧਾਇਕ ਵਿਰੁੱਧ ਮੋਰਚਾ ਖੋਲ੍ਹਦਿਆਂ ਉਨ੍ਹਾਂ ਨੂੰ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ ਹੈ, ਕਿ ਜੇਕਰ ਉਨ੍ਹਾਂ ਨੇ ਇਸ ਮਾੜੇ ਵਰਤਾਓ ਲਈ ਮੁਆਫ਼ੀ ਨਾ ਮੰਗੀ ਤਾਂ ਸੰਸਥਾ ਵੱਲ੍ਹੋਂ ਸ਼ਹਿਰੀਆ ਅਤੇ ਸਮਾਜਿਕ , ਮੁਲਾਜ਼ਮ ਸੰਗਠਨਾਂ ਦੇ ਸਹਿਯੋਗ ਨਾਲ ਇਨਸਾਫ਼ ਲਈ ਤਿੱਖੇ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ।
ਵੁਆਇਸ ਆਫ਼ ਮਾਨਸਾ ਨੇ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਆਪ ਪ੍ਰਧਾਨ ਅਮਨ ਅਰੋੜਾ ਨੂੰ ਲਿਖੇ ਪੱਤਰਾਂ ਰਾਹੀਂ ਮੰਗ ਕੀਤੀ ਹੈ ਕਿ ਇਸ ਵਿਧਾਇਕ ਵਿਰੁੱਧ ਤਰੁੰਤ ਸਖ਼ਤ ਐਕਸ਼ਨ ਲਿਆ ਜਾਵੇ।
ਬਿਕਰ ਸਿੰਘ ਮੰਘਾਣੀਆ ਨੇ ਵੁਆਇਸ ਆਫ਼ ਮਾਨਸਾ ਦੇ ਵੱਡੇ ਇਕੱਠ ਦੌਰਾਨ ਸੰਸਥਾ ਦੇ ਮੈਂਬਰਾਂ ਨਾਲ ਆਪਣੇ ਨਾਲ ਵਾਪਰੀ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਉਹ ਬੀਤੇ ਦਿਨ ਟਰੱਕ ਯੂਨੀਅਨ ਵੱਲੋਂ ਕਰਵਾਏ ਗਏ ਇਕ ਧਾਰਮਿਕ ਸਮਾਗਮ ਵਿੱਚੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਜਦੋਂ ਉਹਨਾਂ ਵੱਲੋਂ ਵਿਧਾਇਕ ਡਾ, ਵਿਜੈ ਸਿੰਗਲਾ ਨਾਲ ਕਿਸੇ ਵਿਅਕਤੀ ਦੀ ਜਾਣ ਪਹਿਚਾਣ ਕਰਵਾਉਣ ਵੇਲੇ ਭੜਕ ਉੱਠੇ, ਉਨ੍ਹਾਂ ਨੇ ਅਸੱਭਿਅਕ ਭਾਸ਼ਾ ਦੀ ਵਰਤੋਂ ਕਰਦਿਆਂ ਕਿਹਾ ਕਿ “ਮੈਂ ਤੁਹਾਨੂੰ ਜਾਣਦਾ ਵੱਡੇ ਸਮਾਜ ਸੇਵੀਆਂ ਨੂੰ ” ਤੁਸੀਂ ਆਪਣੇ ਦਾਇਰੇ ਵਿਚ ਰਿਹਾ ਕਰੋ। ਬਿੱਕਰ ਸਿੰਘ ਮਘਾਣੀਆ ਨੇ ਉਹਨਾਂ ਨੂੰ ਜਵਾਬ ਦੇਣਾ ਚਾਹਿਆ ਤਾਂ ਉਹਨਾਂ ਨੂੰ ਐਮ ਐਲ ਏ ਦੀ ਸੁਰੱਖਿਆ ਦੇ ਪੁਲਿਸ ਮੁਲਾਜ਼ਮਾਂ ਨੇ ਘੇਰ ਲਿਆ ਪਰ ਡਾ ਸਿੰਗਲਾ ਫਿਰ ਵੀ ਬੋਲਦੇ ਰਹੇ। ਉਥੇ ਮੌਜੂਦ ਕੁਝ ਸਮਾਜ ਸੇਵਕਾਂ ਵਲੋਂ ਬਿੱਕਰ ਸਿੰਘ ਮਘਾਣੀਆ ਨੂੰ ਸਹਾਰਾ ਦੇ ਘਰ ਪਹੁੰਚਾਇਆ ਤੇ ਉਹਨਾਂ ਵੱਲੋ ਸਾਰੀਆਂ ਸੰਸਥਾਵਾਂ ਦੇ ਮੈਂਬਰਾਂ ਨਾਲ ਹੋਏ ਇਸ ਮਾੜੇ ਸਲੂਕ ਬਾਰੇ ਜਾਣੂ ਕਰਵਾਇਆ ਗਿਆ। ਜਿਸ ਦੀ ਸਭਨਾਂ ਸੰਸਥਾਵਾਂ ਵੱਲੋਂ ਇਸ ਮਾੜੇ ਵਰਤਾਓ ਲਈ ਨਿਖੇਧੀ ਕੀਤੀ ਜਾ ਰਹੀ ਹੈ।
ਵੁਆਇਸ ਆਫ ਮਾਨਸਾ ਦੇ ਮੈਂਬਰਾਂ ਵਲੋਂ ਪ੍ਰਧਾਨ ਡਾ ਜਨਕ ਰਾਜ ਸਿੰਗਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸੋਸ਼ਲਲਿਸਟ ਪਾਰਟੀ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ, ਬਲਰਾਜ ਨੰਗਲ, ਜਰਨਲ ਕੈਟਾਗਿਰੀ ਵੈਲਫੇਅਰ ਐਸੋਸੀਏਸ਼ਨ ਦੇ ਸਰਬਜੀਤ ਕੌਂਸ਼ਲ, ਡਾ ਸ਼ੇਰਜੰਗ ਸਿੰਘ ਸਿੱਧੂ, ਡਾ ਲਖਵਿੰਦਰ ਸਿੰਘ ਮੂਸਾ, ਅਧਿਆਪਕ ਆਗੂ ਹਰਦੀਪ ਸਿੰਘ ਸਿੱਧੂ, ਰਿਟਾਇਰ ਐਸ ਡੀ ਐਮ ਓਮ ਪ੍ਰਕਾਸ਼, ਪਵਨ ਗਰਗ, ਸ਼ਾਮ ਲਾਲ ਗੋਇਲ, ਜਸਵੰਤ ਸਿੰਘ, ਮੇਜਰ ਸਿੰਘ, ਹਰਜੀਵਨ ਸਰਾਂ, ਨਰਿੰਦਰ ਸ਼ਰਮਾ, ਵੁਆਇਸ ਆਫ ਮਾਨਸਾ ਦੇ ਕੈਸ਼ੀਅਰ ਨਰੇਸ਼ ਬਿਰਲਾ, ਰਾਮ ਕ੍ਰਿਸ਼ਨ ਚੁੱਘ, ਨਰਿੰਦਰ ਸਿੰਘਲ, ਰਾਜ ਜੋਸ਼ੀ, ਨੰਦਗੜ ਅਤੇ ਵਿਸ਼ਵਦੀਪ ਬਰਾੜ ਨੇ ਸਮੁੱਚੇ ਰੂਪ ਵਿੱਚ ਇਸ ਮਸਲੇ ਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆ ਇਸ ਘਟਨਾਕ੍ਰਮ ਤੇ ਰੋਸ ਪ੍ਰਗਟ ਕੀਤਾ ਤੇ ਨਾਲ ਹੀ ਐਮ ਐਲ ਏ ਤੋੰ ਸੀਨੀਅਰ ਸਿਟੀਜ਼ਨ ਆਗੂ ਦਾ ਬਣਦਾ ਮਾਣ ਸਤਿਕਾਰ ਬਹਾਲ ਕਰਵਾਏ ਜਾਣ ਦੀ ਮੰਗ ਕਰਦਿਆਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ।
