
ਜੋਗਾ, 14 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤਲਾ ਕਲਾਂ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਕਰਵਾਈ ਹੈ। ਡੀਪੀਈ ਪਾਲਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਤਲਾ ਕਲਾਂ, ਗ੍ਰਾਮ ਪੰਚਾਇਤ ਅਤਲਾ ਕਲਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਕੈਂਪਸ ਨੂੰ ਰੰਗ ਰੋਗਨ ਕੀਤਾ ਗਿਆ ਹੈ। ਇਸ ਲਈ ਸੁਕਰਾਨੇ ਵਜੋਂ ਸਕੂਲ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਹੈ। ਸਕੂਲ ਦੀ ਦਿੱਖ ਸੁਧਾਰਨ ਲਈ ਪਾਏ ਗਏ ਯੋਗਦਾਨ ਲਈ ਦਾਨੀ ਸੱਜਣਾਂ ਦਾ ਸਕੂਲ ਮੁਖੀ ਗੁਰਦੇਵ ਸਿੰਘ ਅਤੇ ਸਟਾਫ ਵੱਲੋਂ ਸਨਮਾਨ ਕੀਤਾ ਗਿਆ।
ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੈਨੇਜਮੈਂਟ ਕਮੇਟੀ, ਗਰਾਮ ਪੰਚਾਇਤ ਅਤੇ ਕਲੱਬ ਦੇ ਨੁਮਾਇੰਦਿਆਂ ਨਾਲ ਸਿੱਖਿਆ ਸੁਧਾਰ ਅਤੇ ਹੋਰ ਏਜੰਡਿਆਂ ਸਬੰਧੀ ਮੀਟਿੰਗ ਵੀ ਕੀਤੀ ਗਈ। ਸਕੂਲ ਮੁਖੀ ਗੁਰਦੇਵ ਸਿੰਘ ਨੇ ਇਸ ਮੀਟਿੰਗ ਵਿੱਚ ਪਹੁੰਚੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਸਕੂਲ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪਹੁੰਚੇ ਸਰਪੰਚ ਰਣਜੀਤ ਸਿੰਘ ਬਾਰੂ, ਸਾਬਕਾ ਸਰਪੰਚ ਭੂਰਾ ਸਿੰਘ, ਸਕੂਲ ਕਮੇਟੀ ਦੇ ਚੇਅਰਮੈਨ ਕੌਰਜੀਤ ਸਿੰਘ, ਸਮੂਹ ਸਕੂਲ ਮੈਨੇਜਮੈੰਟ ਕਮੇਟੀ ਮੈਂਬਰ, ਪਿੰਡ ਦੀਆਂ ਸਮਾਜੇਵੀ ਸ਼ਖਸ਼ੀਅਤਾਂ ਨੇ ਸਕੂਲ ਦੀਆਂ ਲੋੜਾਂ ਸਬੰਧੀ ਵਿਚਾਰ ਚਰਚਾ ਕਰਦਿਆਂ ਸਕੂਲ ਨੂੰ ਭਰਭੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਨਵੀਂ ਦਾਖਲਾ ਮੁਹਿੰਮ ਦੀ ਫਲੈਕਸ ਵੀ ਜਾਰੀ ਕੀਤਾ ਗਿਆ।
