*ਬਗਾਨੇ ਵਿਆਹਾਂ ‘ਚ ਭੰਗੜੇ ਪਾ ਕੇ ਖੁਸ਼ ਹੋਣਾ ਕਾਂਗਰਸ ਪਾਰਟੀ ਦੀ ਬਣੀ ਮਜਬੂਰੀ: ਮਾਨ*

0
6

ਫਗਵਾੜਾ 10 ਫਰਵਰੀ  (ਸਾਰਾ ਯਹਾਂ/ਸ਼ਿਵ ਕੌੜਾ) ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਜਸ਼ਨ ਮਨਾ ਰਹੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਮਖੌਲ ਕਰਦਿਆਂ ‘ਆਪ’ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੁਣ ਬਗਾਨੇ ਵਿਆਹਾਂ ‘ਚ ਭੰਗੜੇ ਪਾ ਕੇ ਖੁਸ਼ ਹੋਣ ਤੱਕ ਸੀਮਤ ਹੋ ਕੇ ਰਹਿ ਗਈ ਹੈ। ਕਿਉਂਕਿ ਕਾਂਗਰਸ ਪਾਰਟੀ ਖੁਦ ਚੋਣਾਂ ਜਿੱਤਣ ਦੀ ਸਮਰੱਥਾ ਗੁਆ ਚੁੱਕੀ ਹੈ। ਮਾਨ ਨੇ ਕਿਹਾ ਕਿ ਕਾਂਗਰਸ ਲਈ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇਸ ਨੇ ਦਿੱਲੀ ਵਿੱਚ ਹਾਰ ਦੀ ਦੋਹਰੀ ਹੈਟ੍ਰਿਕ ਲਗਾਈ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਲੰਮੇਂ ਸਮੇਂ ਤੱਕ ਸੱਤਾ ਵਿਚ ਰਹਿਣ ਦੇ ਬਾਵਜੂਦ ਕਾਂਗਰਸ ਦੀ ਹਾਲਤ ਅਜਿਹੀ ਹੈ ਕਿ ਉਸ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲੋਕਸਭਾ ਜਾਂ ਵਿਧਾਨ ਸਭਾ ਦੀ ਇੱਕ ਵੀ ਸੀਟ ਨਹੀਂ ਮਿਲਦੀ। ਇੱਥੋਂ ਤੱਕ ਕਿ ਰਾਹੁਲ ਗਾਂਧੀ ਨੂੰ ਲੋਕਸਭਾ ਦੀ ਚੋਣ ਲੜਨ ਲਈ ਕੇਰਲ ਦੇ ਵਾਇਨਾਡ ਵਿੱਚ ਸੁਰੱਖਿਅਤ ਸੀਟ ਲੱਭਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦਿੱਲੀ ਵਿੱਚ ‘ਆਪ’ ਪਾਰਟੀ ਨੂੰ 22 ਸੀਟਾਂ ਮਿਲੀਆਂ ਹਨ ਪਰ ਇਸ ਦੀ ਵੋਟ ਪ੍ਰਤੀਸ਼ਤਤਾ ਭਾਜਪਾ ਨਾਲੋਂ ਥੋੜ੍ਹੀ ਹੀ ਘੱਟ ਹੈ। ਉਹਨਾਂ ਕਿਹਾ ਕਿ ਵੋਟ ਪ੍ਰਤੀਸ਼ਤ ਮਾਇਨੇ ਰੱਖਦਾ ਹੈ ਤੇ ਸੀਟਾਂ ਦਾ ਘੱਟ ਜਾਂ ਜਿਆਦਾ ਹੋਣਾ ਤਾਂ ਆਂਕੜਿਆਂ ਦੀ ਖੇਡ ਹੈ। ਦਿੱਲੀ ਵਿੱਚ ਸੱਤਾ ਗੁਆਉਣ ਤੋਂ ਬਾਅਦ ਪਾਰਟੀ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ ਅਤੇ ਹੋਰ ਮਜ਼ਬੂਤ ਹੋ ਕੇ ਉੱਭਰੇਗੀ। ਝੂਠ ਬੋਲ ਕੇ ਦਿੱਲੀ ਦੀ ਸੱਤਾ ਹਾਸਲ ਕਰਨ ਵਾਲੀ ਭਾਜਪਾ ਨੂੰ ਵਾਅਦੇ ਪੂਰੇ ਕਰਨ ਲਈ ਮਜਬੂਰ ਕੀਤਾ ਜਾਵੇਗਾ। ਨਾਲ ਹੀ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਲਾਗੂ ਕੀਤੀਆਂ ਸਹੂਲਤਾਂ ਅਤੇ ਸਕੀਮਾਂ ਨੂੰ ਕਿਸੇ ਵੀ ਕੀਮਤ ’ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਦੇ ਟੁੱਟਣ ਦੇ ਸੁਪਨੇ ਦੇਖ ਰਹੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਆਪਣਾ ਕਿਲਾ ਬਚਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਕਾਂਗਰਸ ਦੀ ਹਾਲਤ ਦਿੱਲੀ ਵਰਗੀ ਹੋਣ ਵਾਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਅਗਲੀਆਂ ਚੋਣਾਂ ਵਿੱਚ ਪੰਜਾਬ ਵਿੱਚ ਇੱਕ ਵੀ ਵਿਧਾਨਸਭਾ ਸੀਟ ਨਹੀਂ ਜਿੱਤ ਸਕੇਗੀ। ਇੱਕ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸਾਰੇ ਵਾਅਦੇ ਸੌ ਫੀਸਦੀ ਪੂਰੇ ਕਰੇਗੀ। ‘ਆਪ’ ਪਾਰਟੀ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਸੂਬੇ ਦੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ। ਇਸ ਗੱਲ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਨਿਗਮ ਚੋਣਾਂ ਵਿਚ ‘ਆਪ’ ਪਾਰਟੀ ਨੂੰ ਨਾ ਸਿਰਫ਼ ਸ਼ਹਿਰੀ ਪੱਧਰ ’ਤੇ ਭਾਰੀ ਜਨ-ਸਮਰਥਨ ਮਿਲਿਆ, ਸਗੋਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪੇਂਡੂ ਖੇਤਰਾਂ ਦੀਆਂ ਪੰਚਾਇਤਾਂ ਅਤੇ ਅਕਾਲੀ, ਭਾਜਪਾ ਤੇ ਕਾਂਗਰਸ ਤੋਂ ਨਿਰਾਸ਼ ਵਰਕਰ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ‘ਆਪ’ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ।

LEAVE A REPLY

Please enter your comment!
Please enter your name here