*ਪਿੰਡ ਭੁੱਲੇਵਾਲ ਗੁੱਜਰਾਂ (ਮਾਹਿਲਪੁਰ) ‘ਚ ਸ਼ਾਨੋ ਸ਼ੌਕਤ ਨਾਲ ਕਰਵਾਇਆ 11ਵਾਂ ਗੋਲਡ ਕੱਪ ਕੁਸ਼ਤੀ ਦੰਗਲ*

0
9

ਫਗਵਾੜਾ  3 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਧੰਨ-ਧੰਨ ਬਾਬਾ ਦੋ ਗੁੱਤਾਂ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਗਿਆਰਵਾਂ ਗੋਲਡ ਕੱਪ  ਕੁਸ਼ਤੀ ਦੰਗਲ ਹਰ ਸਾਲ ਦੀ  ਤਰ੍ਹਾਂ 31 ਜਨਵਰੀ ਤੋਂ 1 ਫਰਵਰੀ ਤੱਕ ਡੇਰਾ ਬਾਬਾ ਦੋ ਗੁੱਤਾਂ ਵਾਲੇ ਪਿੰਡ ਭੁੱਲੇਵਾਲ ਗੁੱਜਰਾਂ (ਮਾਹਿਲਪੁਰ) ਵਿਖੇ ਕਰਵਾਇਆ ਗਿਆ। ਕੁਸ਼ਤੀ ਦੰਗਲ ਦੇ ਉਦਘਾਟਨ ਦੀ ਰਸਮ ਮੁੱਖ ਸੇਵਾਦਾਰਾ ਬਾਬਾ ਬਾਲ ਕਿਸ਼ਨ ਆਨੰਦ ਵਲੋਂ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਨਿਭਾਈ ਗਈ। ਕੁਸ਼ਤੀ ਦੰਗਲ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਬਲਜੀਤ ਸਿੰਘ ਬਿਲਨ (ਰਾਏਪੁਰ ਡੱਬਾ), ਪਹਿਲਵਾਨ ਹਰਜੀਤ ਸਿੰਘ (ਮਹਾਂਭਾਰਤ ਕੇਸਰੀ, ਰਾਏਪੁਰ ਡੱਬਾ) ਤੋਂ ਇਲਾਵਾ ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ (ਆਈ.ਪੀ.ਐਸ.) ਅਤੇ ਇਸ ਦੰਗਲ ਦੇ ਡਾਇਰੈਕਟਰ ਤੇ ਸਾਬਕਾ ਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੋਂਧੀ ਨੇ ਦੱਸਿਆ ਕਿ 85+ ਭਾਰ ਵਰਗ ਵਿਚ ਰੁਸਤਮ-ਏ-ਹਿੰਦ ਗੋਲਡ ਕੱਪ ਪਹਿਲਵਾਨ ਜਸਪੂਰਣ ਸਿੰਘ ਮੁੱਲਾਂਪੁਰ ਨੇ ਸੁਨੀਲ ਮਾਨਸਾ ਨੂੰ ਹਰਾ ਕੇ ਜਿੱਤਿਆ। 85 ਕਿਲੋ ਭਾਰ ਵਰਗ ਵਿਚ ਪੁਨੀਤ ਸੋਨੀਪਤ ਨੇ ਅਦਿੱਤਯਾ ਫਰੀਦਕੋਟ ਨੂੰ ਹਰਾਇਆ। 70 ਕਿਲੋ ਭਾਰ ਵਰਗ ਵਿਚ ਪਹਿਲਵਾਨ ਕਪਿਲ ਨੇ ਅਭਿਸ਼ੇਕ ਨੂੰ ਸ਼ਿਕਸਤ ਦਿੱਤੀ। ਇਸੇ ਤਰ੍ਹਾਂ ਲੜਕੀਆਂ ਦੇ 60 ਕਿਲੋ ਭਾਰ ਵਰਗ ਮੁਕਾਬਲੇ ਵਿੱਚ ਕਾਜਲ ਸੋਨੀਪਤ ਨੇ ਮਾਨਸੀ ਹਰਿਆਣਾ ਨੂੰ ਹਰਾ ਕੇ ਗੋਲਡ ਕੱਪ ਤੇ ਕਬਜਾ ਕੀਤਾ। ਪੰਜਾਬ ਬਾਲ ਕੇਸਰੀ ਦਾ ਖਿਤਾਬ ਉਦੈ ਕਨੇਡਾ ਨੇ ਗੁਰਏਕਮ ਪਟਿਆਲਾ ਨੂੰ ਹਰਾ ਕੇ ਆਪਣੇ ਨਾਮ ਕੀਤਾ। ਲੜਕੀਆਂ ਦੇ ਪੰਜਾਬ ਬਾਲ ਕੇਸਰੀ ਮੁਕਾਬਲੇ ਵਿਚ ਕਨਕ ਜਲੰਧਰ ਨੇ ਰਾਜਵੀਰ ਕੌਰ ਮੁਕਤਸਰ ਨੂੰ ਮਾਤ ਦਿੱਤੀ। ਟਾਈਟਲ ਜਿੱਤਣ ਵਾਲੇ ਪਹਿਲਵਾਨਾਂ ਨੂੰ ਨਗਦ ਰਾਸ਼ੀ, ਟੈਗ ਤੇ ਗੁਰਜ ਨਾਲ ਨਵਾਜਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਾਬਾ ਅਮਰੀਕ ਸਿੰਘ ਮਨੰਨਹਾਣਾ ਨੇ ਪ੍ਰਬਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਮੇਜਰ ਸਿੰਘ ਪਹਿਲਵਾਨ ਤੇ ਕੁਲਤਾਰ ਸਿੰਘ ਤੋਂ ਇਲਾਵਾ ਮਜੀਦਾ ਪਹਿਲਵਾਨ, ਬੁੱਧ ਸਿੰਘ ਭੰਗੂ ਸਿਲਵਰ ਮੈਡਲ ਜੇਤੂ, ਬਾਬਾ ਦੀਪਾ ਫਲਾਹੀ, ਅਰਜੁਨ ਅਵਾਰਡੀ ਫੁਟਬਾਲ ਕੋਚ ਗੁਰਦੇਵ ਸਿੰਘ, ਪਿ੍ਰੰਸੀਪਲ ਬਲਵੀਰ ਸਿੰਘ ਤੇ ਭੁਪਿੰਦਰ ਸਿੰਘ ਲੁਧਿਆਣਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਰਵਿੰਦਰ ਨਾਥ ਕੋਚ, ਜਤਿਨ ਸ਼ੁਕਲਾ, ਸਾਜਨ, ਬੂਟਾ ਸਿੰਘ ਐਬਸਫੋਰਡ ਕਨੇਡਾ, ਗਾਇਕ ਸਰਬਜੀਤ ਚੀਮਾ, ਗਾਇਕ ਰੂਪ ਲਾਲ ਮਕਬੂਲ, ਮਨਦੀਪ ਸਿੰਘ ਅਤੇ ਪੰਜਾਬ ਰੈਸਲਿਗ ਅੇਸੋਸੀਏਸ਼ਨ ਦੇ ਪ੍ਰੈਸ ਸਕੱਤਰ  ਰੀਤ ਪ੍ਰੀਤ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਕੁਸ਼ਤੀ ਪ੍ਰੇਮੀ ਹਾਜਰ ਸਨ।

LEAVE A REPLY

Please enter your comment!
Please enter your name here