*ਸਰਕਾਰੀ ਮਿਡਲ ਸਕੂਲ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਮਾਰਸ਼ਲ ਆਰਟ ਦੀ ਸਿਖਲਾਈ*

0
5

ਫਗਵਾੜਾ 31 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰੀ ਮਿਡਲ ਸਕੂਲ ਨਵੀਂ ਅਬਾਦੀ ਨਾਰੰਗਸ਼ਾਹਪੁਰ ਦੀਆਂ ਵਿਦਿਆਰਥਣਾਂ ਨੂੰ ਸਰਕਾਰ ਦੀ ਰਾਣੀ ਲਕਸ਼ਮੀ ਬਾਈ ਯੋਜਨਾ ਤਹਿਤ ਦੋ ਮਹੀਨੇ ਦੀ ਕਰਾਟੇ ਟ੍ਰੇਨਿੰਗ ਦਾ ਕੋਰਸ ਕਰਵਾਇਆ ਗਿਆ। ਸਕੂਲ ਇੰਚਾਰਜ ਪਰਮਦੀਪ ਕੌਰ ਦੀ ਦੇਖ-ਰੇਖ ਹੇਠ ਸੈਣੀ ਇੰਡੀਅਲ ਸਕੂਲ ਆਫ ਸੈਲਫ ਡਿਫੈਂਸ ਕਲੱਬ ਦੇ ਚੀਫ ਕਰਾਟੇ ਕੋਚ ਨਰੇਸ਼ ਕੁਮਾਰ (ਤੀਸਰੀ ਡਿਗਰੀ, ਬਲੈਕ ਬੈਲਟ) ਨੇ ਟ੍ਰੇਨਿੰਗ ਦੇ ਆਖਰੀ ਪੜਾਅ ‘ਚ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਦੀ ਪ੍ਰਤਿਯੋਗਿਤਾ ਕਰਵਾਈ। ਇਸ ਦੌਰਾਨ ਕਾਤਾ ਮੁਕਾਬਲੇ ਵਿਚ ਗੁਰਸਿਮਰਨ, ਮੰਨਤ ਤੇ ਮਾਨਵੀ ਨੇ ਪਹਿਲੇ ਸਥਾਨ ਤੇ ਰਹਿੰਦਿਆਂ ਗੋਲਡ ਮੈਡਲ ਹਾਸਲ ਕੀਤੇ ਜਦਕਿ ਅੰਜਲੀ ਕੁਮਾਰੀ ਤਨਵੀਰ ਤੇ ਜੱਸੀ ਨੇ ਦੂਸਰਾ ਸਥਾਨ ਤੇ ਸਿਲਵਰ ਮੈਡਲ ਪ੍ਰਾਪਤ ਕੀਤੇ। ਮਾਰਬਲ ਟਾਇਲ ਬ੍ਰੇਕਿੰਗ ਵਿਚ ਜੱਸੀ ਨੇ ਆਪਣੀ ਕਲਾ ਦਾ ਜੌਹਰ ਦਿਖਾਉਂਦੇ ਹੋਏ ਹੱਥਾਂ ਅਤੇ ਸਿਰ ਨਾਲ ਟਾਇਲਾਂ ਤੋੜ ਕੇ ਸਭ ਨੂੰ ਹੈਰਾਨ ਕਰ ਦਿੱਤਾ। ਜਿਸ ਨੂੰ ਗੋਲਡ ਮੈਡਲ ਅਤੇ ਬਲਜੀਤ ਕੁਮਾਰ ਨੂੰ ਸਿਲਵਰ ਮੈਡਲ ਨਾਲ ਨਵਾਜਿਆ ਗਿਆ। ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਲੱਕ ਦੇਵਨ ਅਤੇ ਵਿਕਾਸ ਕੁਮਾਰ ਨੇ ਕਾਂਸੇ ਦੇ ਮੈਡਲ ਜਿੱਤੇ। ਟਰੇਨਿੰਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਕੋਚ ਨਰੇਸ਼ ਕੁਮਾਰ ਨੇ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਕਿ ਹੁਨਰਮੰਦ ਖਿਡਾਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਵੀ ਦਿੱਤੀਆਂ ਜਾਣ ਤਾਂ ਜੋ ਉਹ ਦੇਸ਼ ਅਤੇ ਦੁਨੀਆ ਵਿਚ ਨਾਮ ਰੌਸ਼ਨ ਕਰ ਸਕਣ। ਸਕੂਲ ਇੰਚਾਰਜ ਪਰਮਦੀਪ ਕੌਰ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਲੜਕੀਆਂ ਨੂੰ ਪੜ੍ਹਾਈ ਦੇ ਨਾਲ ਹੀ ਆਤਮ ਰੱਖਿਆ ਲਈ ਤਿਆਰ ਕਰਨਾ ਅਜੋਕੇ ਸਮੇਂ ਦੀ ਲੋੜ ਹੈ। ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀ ਹਾਜਰ ਸਨ

LEAVE A REPLY

Please enter your comment!
Please enter your name here