ਫਗਵਾੜਾ 28 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਬੇਅਦਬੀ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਨੇ
ਅੱਜ ਮਿਤੀ 28 ਜਨਵਰੀ ਨੂੰ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤੇ। ਇਸ ਪ੍ਰੋਗਰਾਮ ਤਹਿਤ ਬਸਪਾ ਸੂਬਾ ਪ੍ਰਧਾਨ ਡਾ.ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਫਗਵਾੜਾ ਵੱਡਾ ਪ੍ਰਦਰਸ਼ਨ ਕੀਤਾ ਗਿਆ,ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਵਰਕਰਾਂ-ਸਮਰਥਕਾਂ ਨੇ ਹਿੱਸਾ ਲਿਆ ਤੇ ਘਟਨਾ ਖਿਲਾਫ ਆਪਣੇ ਰੋਹ ਦਾ ਮੁਜ਼ਾਹਰਾ ਕੀਤਾ।
ਇਸ ਮੌਕੇ ਇਕੱਠ ਨੂੰ ਸੰਬੋਧਿਤ ਕਰਦਿਆਂ ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਵਾਪਰੀ ਘਟਨਾ ਨੂੰ ਇਕੱਲੇ ਕਰਕੇ ਨਹੀਂ ਦੇਖਿਆ ਜਾ ਸਕਦਾ। ਇਹ ਘਟਨਾ ਭਾਜਪਾ, ਆਰਐਸਐਸ ਤੇ ਕਾਂਗਰਸ ਵੱਲੋਂ ਬਾਬਾ ਸਾਹਿਬ ਦੇ ਖਿਲਾਫ ਦੇਸ਼ ਭਰ ਵਿੱਚ ਲੰਬੇ ਸਮੇਂ ਤੋਂ ਖੜੇ ਕੀਤੇ ਜਾ ਰਹੇ ਨਫ਼ਰਤੀ ਵਰਤਾਰੇ ਦੀ ਉਪਜ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਅੰਦੋਲਨ ਤੋਂ ਲੈ ਕੇ ਦੇਸ਼ ਦੀ ਲੰਬੇ ਸਮੇਂ ਤੱਕ ਸੱਤਾ ਸੰਭਾਲਣ ਤੱਕ ਪਹਿਲਾਂ ਇਹ ਕੰਮ ਕਾਂਗਰਸ ਕਰਦੀ ਰਹੀ ਤੇ ਉਸ ਤੋਂ ਬਾਅਦ ਭਾਜਪਾ ਨੇ ਇਹ ਕੰਮ ਸੰਭਾਲ ਲਿਆ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਵੀ ਬਾਬਾ ਸਾਹਿਬ ਅੰਬੇਡਕਰ ਦੇ ਸਨਮਾਨ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰ੍ਹਾਂ ਹੀ ਕਾਂਗਰਸ ਉਨ੍ਹਾਂ ਦੀ ਅਣਦੇਖੀ ਕਰਨ ਲੱਗੀ ਰਹੀ। ਸੂਬੇ ਦੀ ਆਮ ਆਦਮੀ ਪਾਰਟੀ (ਆਪ) ਵੀ ਇਨ੍ਹਾਂ ਤੋਂ ਵੱਖ ਨਹੀਂ ਹੈ ਤੇ ਬਾਬਾ ਸਾਹਿਬ ਦੀ ਵਿਰੋਧੀ ਹੈ। ਆਪ ਦੇ ਕਾਰਜਕਾਲ ਵਿੱਚ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਬਾਬਾ ਸਾਹਿਬ ਦਾ ਬੁੱਤ ਨਹੀਂ ਲੱਗਣ ਦਿੱਤਾ ਜਾ ਰਿਹਾ ਤੇ ਜਲੰਧਰ ਦੇ ਸਈਪੁਰ ਵਿੱਚ ਵੀ ਬਾਬਾ ਸਾਹਿਬ ਡਾ. ਅੰਬੇਡਕਰ ਦੇ ਨਾਂ ‘ਤੇ ਬਣੀ ਪਾਰਕ ਨੂੰ ਤੋੜਿਆ ਗਿਆ। ਇਸ ਕਾਰਵਾਈ ਦਾ ਵਿਰੋਧ ਕਰ ਰਹੇ ਬਸਪਾ ਵਰਕਰਾਂ ‘ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਤੇ ਝੂਠੇ ਪਰਚੇ ਵੀ ਦਰਜ ਕੀਤੇ ਗਏ।
ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਆਜ਼ਾਦੀ ਦੇ ਅੰਦੋਲਨ ਤੋਂ ਲੈ ਕੇ ਹੁਣ ਤੱਕ ਬਾਬਾ ਸਾਹਿਬ ਨੂੰ ਇਸ ਕਰਕੇ ਨਫਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਕਿਉੰਕਿ ਉਨ੍ਹਾਂ ਸਦੀਆਂ ਤੋਂ ਜਾਤੀਵਾਦੀ ਊਚ-ਨੀਚ ਦੀ ਵਿਵਸਥਾ ਤੋਂ ਪੀੜਤ ਲੋਕਾਂ ਨੂੰ ਬਰਾਬਰੀ ਦੇ ਹੱਕ ਲੈ ਕੇ ਦਿੱਤੇ ਅਤੇ ਉਨ੍ਹਾਂ ਨੂੰ ਸਨਮਾਨ ਨਾਲ ਜੀਊਣਾ ਸਿਖਾਇਆ। ਊਚ-ਨੀਚ ਦੀ ਵਿਵਸਥਾ ਨੂੰ ਟੱਕਰ ਦਿੱਤੀ। ਇਸ ਕਰਕੇ ਦੇਸ਼ ਭਰ ਵਿੱਚ ਡਾ. ਅੰਬੇਡਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾ ਕੇ ਉਨ੍ਹਾਂ ਖਿਲਾਫ ਨਫਰਤ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਜਿਸ ਨੂੰ ਦਲਿਤ ਸਮਾਜ ਕਦੇ ਬਰਦਾਰਸ਼ਤ ਨਹੀਂ ਕਰ ਸਕਦਾ।
ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੇਸ਼ ਦੇ ਕਰੋੜਾਂ ਦਲਿਤਾਂ ਦੇ ਆਦਰਸ਼ ਹਨ। ਬਾਬਾ ਸਾਹਿਬ ਦੇ ਸਨਮਾਨ ਖਿਲਾਫ ਹੋਣ ਵਾਲੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਜਾਵੇਗਾ। ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਫਗਵਾੜਾ ਵਿੱਚ ਰੋਸ ਮਾਰਚ ਕੀਤਾ ਗਿਆ ਤੇ ਡੀਸੀ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਂ ਮੈਮੋਰੰਡਮ ਭੇਜਿਆ ਗਿਆ, ਜਿਸ ਵਿੱਚ ਬਸਪਾ ਵੱਲੋਂ ਮੰਗ ਕੀਤੀ ਗਈ ਕਿ ਫੜ੍ਹੇ ਗਏ ਦੋਸ਼ੀ ਦੇ ਪਿਛਲੇ ਤੰਤਰ ਨੂੰ ਵੀ ਉਜਾਗਰ ਕੀਤਾ ਜਾਵੇ, ਕਿਉੰਕਿ ਇਸ ਦੇ ਪਿੱਛੇ ਰਾਜਨੀਤਕ ਸਾਜਿਸ਼ ਜਾਪਦੀ ਹੈ। ਇਸ ਤੋਂ ਇਲਾਵਾ ਦੋਸ਼ੀ ‘ਤੇ ਐਨਐਸਏ ਲਗਾਇਆ ਜਾਵੇ ਤੇ ਸਖਤ ਸਜ਼ਾ ਦਿੱਤੀ ਜਾਵੇ। ਬਾਬਾ ਸਾਹਿਬ ਦੇ ਬੁੱਤਾਂ ਦੀ ਰੱਖਿਆ ਕੀਤੀ ਜਾਵੇ ਤੇ ਭਵਿੱਖ ਵਿੱਚ ਵੀ ਜੇਕਰ ਕੋਈ ਵਿਅਕਤੀ ਬਾਬਾ ਸਾਹਿਬ ਦੇ ਸਨਮਾਨ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਉਸਦੇ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਬਸਪਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਪਰਵੀਨ ਬੰਗਾ, ਤੀਰਥ ਰਾਜਪੁਰਾ,ਗੁਰਮੇਲ ਚੁੰਬਰ,ਲੇਖਰਾਜ ਰਾਜ ਜਮਾਲਪੁਰ,ਰਮੇਸ਼ ਕੌਲ,ਦਲਜੀਤ ਰਾਏ,ਜਗਦੀਸ਼ ਸ਼ੇਰਪੁਰੀ, ਸਲਵਿੰਦਰ ਕੁਮਾਰ,ਕੌਂਸਲਰ ਤੇਜਪਾਲ ਬਸਰਾ,ਚਿਰੰਜੀ ਲਾਲ, ਦਵਿੰਦਰ ਸੂਦ ਗੋਗਾ,ਅਮਨਦੀਪ ਕੌਰ,ਪਰਦੀਪ ਮੱਲ,ਅਮਰਜੀਤ ਖੁੱਤਨ,ਮਨੋਹਰ ਲਾਲ ਜੱਖੂ,ਪਰਮਜੀਤ ਖਲਵਾੜਾ,ਹਰਭਜਨ ਖਲਵਾੜਾ, ਸੋਨੂੰ ਭੁੱਲਾਰਾਈ, ਗੁਰਦਿੱਤਾ ਬੰਗੜ, ਬਲਵਿੰਦਰ ਬੋਧ, ਪਰਮਿੰਦਰ ਬੋਧ,ਦੇਵ ਰਾਜ ਸੁਮਨ,ਸੁਖਵਿੰਦਰ ਬਿੱਟੂ,ਐਡਵੋਕੇਟ ਕੁਲਦੀਪ ਭੱਟੀ,ਸੁਸ਼ੀਲ ਵਿਰਦੀ, ਖੁਸ਼ੀ ਰਾਮ,ਹਰਜਿੰਦਰ ਜੰਡਾਲੀ, ਅਸ਼ੋਕ ਕੁਮਾਰ ਖੋਥਰਾ,ਚਰਨਜੀਤ ਮੰਢਾਲੀ,ਰਾਜਾ ਇਟਲੀ, ਮਦਨ ਬੈਂਸ,ਸੁਰਜੀਤ ਮਹਿਮੀ,ਸੁਖਦੇਵ ਬਿੱਟਾ,ਵਿਜੈ ਖਾਨਪੁਰੀ, ਐਡਵੋਕੇਟ ਪਲਵਿੰਦਰ ਮਾਨਾ,ਸ਼ਾਦੀ ਲਾਲ ਬੱਲਾਂ,ਬੀਬੀ ਕ੍ਰਿਸ਼ਨਾ ਦੇਵੀ,ਬਲਦੇਵ ਸਲਾਲਾ,ਹਰਜਿੰਦਰ ਬਿੱਲਾ ਮਹਿਮਦਪੁਰ,ਅਸ਼ੋਕ ਸਈਪੁਰੀਆ ਆਦਿ ਵੀ ਹਾਜ਼ਰ ਸਨ।