ਮਾਨਸਾ, 28 ਜਨਵਰੀ: (ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਪੰਜਾਬ ਦੇ ਨੋਜਵਾਨਾਂ ਨੂੰ ਰੋਜ਼ਗਾਰ ਅਤੇ ਨੌਕਰੀ ਦੇ ਕਾਬਿਲ ਬਣਾਉਣ ਦੇ ਮਕਸਦ ਨਾਲ ਵੱਖ-ਵੱਖ ਸਕੀਮਾਂ ਜਿਵੇ ਕਿ ‘ਦੀਨ ਦਿਆਲ ਉਪਾਧਿਆ-ਗ੍ਰਾਮਿਣ ਕੌਸ਼ਲਿਆ ਯੋਜਨਾ, ਨੈਸ਼ਨਲ ਅਰਬਨ ਲਾਇਵਲੀਹੁੱਡ ਮਿਸ਼ਨ, ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਅਤੇ ਸੰਕਲਪ’ ਆਦਿ ਤਹਿਤ ਵੱਖ-ਵੱਖ ਕੋਰਸਾਂ ਦੀ ਮੁਫ਼ਤ ਸਿਖਲਾਈ ਮੁਹੱਈਆ ਕਰਵਾਈ ਜਾਂਦੀ ਹੈ। ਇਹ ਜਾਣਕਾਰੀ ਬਲਾਕ ਮਿਸ਼ਨ ਮੈਨੇਜਰ, ਪੰਜਾਬ ਹੁਨਰ ਵਿਕਾਸ ਮਿਸ਼ਨ, ਮਾਨਸਾ, ਸ੍ਰੀ ਮਨੋਜ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸੇ ਉਦੇਸ਼ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਸੰਕਲਪ ਸਕੀਮ ਤਹਿਤ ਕੈਦੀਆਂ ਨੂੰ ਹੁਨਰ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦੇ ਤਹਿਤ ਮਹਿਲਾ ਕੈਦੀਆਂ ਨੂੰ ਸਿਲਾਈ ਦੀ ਸਿਖਲਾਈ ਦੇਣ ਲਈ ਇਕ ਬੈਚ ਸੁਰੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਨੋਡਲ ਅਫ਼ਸਰ, ਮਾਨਸਾ, ਡਾ. ਨਿਰਮਲ ਉਸੇਪਚਨ ਦੁਆਰਾ ਇਸ ਬੈਚ ਵਿੱਚ ਸਿਖਲਾਈ ਪ੍ਰਾਪਤ ਕਰ ਰਹੀ ਮਹਿਲਾ ਕੈਦਿਆਂ ਨੂੰ ਸਕੀਮ ਤਹਿਤ ਸਿਖਲਾਈ ਕਿੱਟਾਂ ਅਤੇ ਵਰਦੀਆਂ ਸੋਪਿਆਂ ਗਈਆਂ।
ਉਨ੍ਹਾਂ ਦੱਸਿਆ ਕਿ ਕੈਦਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਰੁਜ਼ਗਾਰ ਦੇ ਕਾਬਿਲ ਬਣਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ। ਇਸੇ ਲੜੀ ਵਿੱਚ ਅਗਲੇ ਹਫਤੇ ਤੋਂ ਇਲੈਕਟ੍ਰਿਸ਼ਨ ਟੈਕਨੀਸ਼ਨ ਦੇ ਕੋਰਸ ਵਿੱਚ ਸਿਖਲਾਈ ਦੇਣ ਲਈ ਪੁਰਸ਼ ਕੈਦੀਆਂ ਦਾ ਇਕ ਹੋਰ ਨਵਾਂ ਬੈਚ ਸੁਰੂ ਕੀਤਾ ਜਾਵੇਗਾ।
ਇਸ ਮੌਕੇ ਸ੍ਰੀ ਇਕਬਾਲ ਸਿੰਘ ਬਰਾੜ, ਜੇਲ੍ਹ ਸੁਪਰਡੰਟ, ਮਾਨਸਾ ਨੇ ਦੱਸਿਆ ਕਿ ਮਹਿਲਾ ਕੈਦੀ ਇਹ ਸਿਖਲਾਈ ਬਹੁਤ ਹੀ ਉਤਸ਼ਾਹ ਨਾਲ ਪ੍ਰਾਪਤ ਕਰ ਰਹੀਆਂ ਹਨ। ਇਸੇ ਤਰ੍ਹਾਂ ਪੁਰਸ਼ ਕੈਦੀਆਂ ਲਈ ਸੁਰੂ ਹੋਣ ਵਾਲੀ ਟਰੇਨਿੰਗ ਲਈ ਉਹ ਵੀ ਬਹੁਤ ਉਤਸ਼ਾਹਿਤ ਹਨ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫਸਰ, ਸ੍ਰੀ ਰਵਿੰਦਰ ਸਿੰਘ, ਬਲਾਕ ਮਿਸ਼ਨ ਮੈਨੇਜਰ, ਸ੍ਰੀ ਮਨੋਜ ਕੁਮਾਰ ਅਤੇ ਅਸਿਸਟੈਂਟ ਜੇਲ੍ਹ ਸੁਪਰਡੰਟ, ਸ੍ਰੀ ਅਨੂ ਮਲਿਕ ਹਾਜ਼ਰ ਸਨ।