*ਜ਼ਿਲ੍ਹਾ ਮਾਨਸਾ ਦੀ ਰੌਬਿਨਦੀਪ ਕੌਰ ਲਈ ਲਾਹੇਵੰਦ ਸਾਬਿਤ ਹੋਇਆ ਝੀਂਗਾ ਪਾਲਣ ਦਾ ਧੰਦਾ*

0
144

ਮਾਨਸਾ, 24 ਜਨਵਰੀ:(ਸਾਰਾ ਯਹਾਂ/ਮੁੱਖ ਸੰਪਾਦਕ)
ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਵੱਲੋਂ ਨਵੀਂ ਦਿੱਲੀ ਵਿਖੇ 26 ਜਨਵਰੀ, 2025 ਨੂੰ ਹੋਣ ਵਾਲੇ 76ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਰਾਜ ਦੇ 06 ਮੱਛੀ/ਝੀਂਗਾ ਕਿਸਾਨਾਂ ਨੂੰ ਉਨ੍ਹਾਂ ਦੇ ਜੀਵਨਸਾਥੀ ਦੇ ਨਾਲ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਹ ਮੱਛੀ/ਝੀਂਗਾ ਕਿਸਾਨ ਆਪਣੇ ਪਰਿਵਾਰਕ ਮੈਂਬਰ ਨਾਲ ਤਿੰਨ ਦਿਨਾਂ ਲਈ ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਦੇ ਮਹਿਮਾਨ ਹੋਣਗੇ। ਜ਼ਿਲ੍ਹਾ ਮਾਨਸਾ ਦੀ ਅਗਾਂਹਵਧੂ ਝੀਂਗਾ ਪਾਲਕ ਸ੍ਰੀਮਤੀ ਰੌਬਿਨਦੀਪ ਕੌਰ ਪਤਨੀ ਸ੍ਰੀ ਸ਼ਰਵੇਸ਼ਵਰ ਸਿੰਘ ਵਾਸੀ ਪਿੰਡ ਖਿਆਲਾ ਕਲਾਂ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਮੌਕੇ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਉਹ ਉੱਥੇ ਤਿੰਨ ਦਿਨਾਂ ਲਈ ਕੇਂਦਰ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੇ ਮਹਿਮਾਨ ਹੋਣਗੇ।
ਇਹ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਮਾਨਸਾ ਸ੍ਰੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਹ ਕਿਸਾਨ 25 ਜਨਵਰੀ, 2025 ਨੂੰ ਹਵਾਈ ਯਾਤਰਾ ਦੁਆਰਾ ਦਿੱਲੀ ਜਾਣਗੇ, ਜਿੱਥੇ ਉਹ 25 ਤੋਂ 27 ਜਨਵਰੀ, 2025 ਤੱਕ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਉਨ੍ਹਾਂ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਦੀ ਪਰੇਡ ਬਤੌਰ ਵਿਸ਼ੇਸ਼ ਮਹਿਮਾਨ ਦੇਖਣ ਦਾ ਮੌਕਾ ਮਿਲੇਗਾ। ਸਮਾਗਮ ਵਿਚ ਇਨ੍ਹਾਂ ਦੇ ਨਾਲ ਮੱਛੀ ਪਾਲਣ ਵਿਭਾਗ, ਪੰਜਾਬ ਦੇ ਨੋਡਲ ਅਫਸਰ ਵੱਜੋਂ ਸ੍ਰੀਮਤੀ ਸਤਿੰਦਰ ਕੌਰ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਮੋਹਾਲੀ (ਮੁੱਖ ਦਫਤਰ) ਵੱਲੋਂ ਵੀ ਭਾਗ ਲਿਆ ਜਾਵੇਗਾ, ਜੋ ਕਿ ਇੰਨ੍ਹਾਂ ਕਿਸਾਨਾਂ ਦੀ ਅਗਵਾਈ ਕਰਨਗੇ।
ਉਨ੍ਹਾਂ ਦੱਸਿਆ ਕਿ ਸ੍ਰੀਮਤੀ ਰੌਬਿਨਦੀਪ ਕੌਰ ਪਤਨੀ ਸਰਵੇਸ਼ਵਰ ਸਿੰਘ ਪਿੰਡ ਖਿਆਲਾ ਕਲਾਂ ਨੇ ਮੱਛੀ ਪਾਲਣ ਵਿਭਾਗ ਦੀ ਤਕਨੀਕੀ ਸਲਾਹ ਨਾਲ ਪਿੰਡ ਜਟਾਣਾ ਕਲਾਂ ਵਿਖੇ ਖਾਰੇ ਪਾਣੀ ਨਾਲ ਪ੍ਰਭਾਵਿਤ ਜ਼ਮੀਨ ਵਿੱਚ ਸਾਲ 2022-23 ਦੌਰਾਨ 3 ਏਕੜ ਰਕਬੇ ਵਿੱਚ ਝੀਂਗਾ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਸੀ ਅਤੇ ਇਹ ਕੰਮ ਉਹ ਆਪਣੇ ਪਤੀ ਨਾਲ ਮਿਲ ਕੇ ਕਰ ਰਹੇ ਹਨ, ਜਿਸ ਵਿੱਚ ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾ (PMMSY)ਸਕੀਮ ਅਧੀਨ ਔਰਤ ਵਰਗ ਮੱਦ ਦੇ ਅਧੀਨ ਮੱਛੀ ਪਾਲਣ ਵਿਭਾਗ ਪੰਜਾਬ ਵੱਲੋਂ ਲੱਗਭਗ 09 ਲੱਖ ਰੁਪਏ ਦੀ ਸਬਸਿਡੀ ਮੁੱਹਈਆ ਕਰਵਾਈ ਗਈ। ਉਨ੍ਹਾਂ ਵੱਲੋਂ ਭਵਿੱਖ ਵਿੱਚ ਮੱਛੀ/ਝੀਂਗਾ ਪਾਲਣ ਨਾਲ ਜੁੜੇ ਉਤਪਾਦਾਂ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ। ਰੌਬਿਨਦੀਪ ਲਗਾਤਾਰ ਮਿਹਨਤ ਨਾਲ ਝੀਂਗਾ ਪਾਲਣ ਰਾਹੀਂ ਖਾਰੇ ਪਾਣੀ ਨਾਲ ਪ੍ਰਭਾਵਿਤ ਜ਼ਮੀਨ ਵਿੱਚੋ ਲੱਖਾਂ ਰੁਪਏ ਦਾ ਆਰਥਿਕ ਲਾਭ ਲੈ ਕੇ ਇਲਾਕੇ ਵਿੱਚ ਇੱਕ ਵੱਖਰੀ ਮਿਸਾਲ ਪੇਸ਼ ਕਰਕੇ ਨੌਜਵਾਨ ਵਰਗ ਲਈ ਇੱਕ ਪੇ੍ਰਨਾ ਸੋਰਤ ਬਣੇ ਹਨ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਛੀ ਪਾਲਣ ਦੇ ਖੇਤਰ ਦੇ ਵਿਕਾਸ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਮਿਲ ਕੇ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸ ਸਕੀਮ ਤਹਿਤ ਮੱਛੀ ਪਾਲਣ ਵਿਭਾਗ, ਪੰਜਾਬ ਵੱਲੋਂ ਹੁਣ ਤੱਕ 500 ਤੋਂ ਵੱਧ ਲਾਭਪਾਤਰੀਆਂ ਨੂੰ 26.00 ਕਰੋੜ ਤੋਂ ਵੱਧ ਦੀ ਸਬਸਿਡੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਇੱਕ ਅਜਿਹੀ ਸਕੀਮ ਹੈ, ਜਿਸ ਵਿੱਚ ਮੱਛੀ ਪਾਲਣ ਨਾਲ ਜੁੜੇ ਲਗਭਗ ਹਰ ਤਰ੍ਹਾਂ ਦੇ ਪ੍ਰੋਜੈਕਟ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪੰਜਾਬ ਰਾਜ ਵਿੱਚ ਪਹਿਲੀ ਵਾਰ ਪ੍ਰਾਈਵੇਟ ਸੈਕਟਰ ਵਿੱਚ ਪ੍ਰੋਜੈਕਟ ਜਿਵੇਂ ਕਿ ਮੱਛੀ ਫੀਡ ਮਿੱਲਾਂ, ਇੰਨਸੁਲੇਟਿਡ ਵੈਨਾਂ, ਬਾਇਓ-ਫਲਾਕ ਕਲਚਰ ਸਿਸਟਮ, ਮੱਛੀ ਕਿਓਸਕ ਦੀ ਸਥਾਪਨਾ/ਸੁਧਾਰ ਆਦਿ ਨੂੰ ਅਪਣਾਉਣ ਲਈ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਨਾਲ ਪੰਜਾਬ ਵਿਚ ਮੱਛੀ ਪਾਲਣ ਦੇ ਕਿੱਤੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਵਿਭਾਗ, ਮਾਨਸਾ ਵੱਲੋਂ ਮੱਛੀ ਪਾਲਣ ਸਬੰਧੀ 05 ਦਿਨਾਂ ਮੁਫ਼ਤ ਸਿਖਲਾਈ ਵੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਮੱਛੀ/ਝੀਂਗਾ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਅਧੀਨ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਲਈ ਯੂਨਿਟ ਕਾਸਟ ਤੇ 40 ਤੋਂ 60 ਫ਼ੀਸਦੀ ਸਬਸਿਡੀ ਦਾ ਲਾਭ ਵੀ ਮੁਹੱਈਆ ਕਰਵਾਇਆ ਜਾਂਦਾ ਹੈ।

LEAVE A REPLY

Please enter your comment!
Please enter your name here