*ਸਰਕਾਰੀ ਸਨਮਾਨਾਂ ਨਾਲ ਅਗਨੀਵੀਰ ਲਵਪ੍ਰੀਤ ਸਿੰਘ ਦਾ ਕੀਤਾ ਅੰਤਿਮ ਸਸਕਾਰ*

0
61

ਜੋਗਾ, 24 ਜਨਵਰੀ (ਸਾਰਾ ਯਹਾਂ/ਗੋਪਾਲ ਅਕਲੀਆ) ਬੀਤੀ ਕੱਲ ਜੰਮੂ ਕਸ਼ਮੀਰ ਦੇ ਕੁੱਪਵਾੜਾ ਜ਼ਿਲੇ ਵਿਚ ਦਹਿਸ਼ਤਗਰਦਾਂ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਪਿੰਡ ਅਕਲੀਆ ਦੇ ਅਗਨੀਵੀਰ ਲਵਪ੍ਰੀਤ ਸਿੰਘ ਦਾ ਸ਼ੁੱਕਰਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਅੰਤਿਮ ਸਸਕਾਰ ਵਿਚ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ। ਲੈਫਟੀਨੈਂਟ ਕਰਨਲ ਅਸ਼ੀਸ਼ ਤੋਮਰ ਦੀ ਅਗਵਾਈ ਵਿਚ ਫੌਜ ਟੁਕੜੀ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਸਨਮਾਨਾਂ ਨਾਲ ਲੈ ਕੇ ਪਿੰਡ ਪਹੁੰਚੀ ਤਾਂ ਪੂਰਾ ਪਿੰਡ ਕੁਰਲਾ ਉਠਿਆ। ਪੂਰੇ ਪਿੰਡ ਦੀਆਂ ਨਮ ਅੱਖਾਂ ਨਾਲ ਸ਼ਹੀਦ ਅਗਨੀਵੀਰ ਲਵਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ।
ਪਿੰਡ ਦੀ ਪੰਚਾਇਤ ਨੇ ਦੇਸ਼ ਦੇ ਰੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਸ਼ਹੀਦ ਲਵਪ੍ਰੀਤ ਸਿੰਘ ਦੇ ਪਰਿਵਾਰ ਲਈ ਸਹਾਇਤਾ ਅਤੇ ਹੋਰ ਮੰਗਾਂ ਰੱਖੀਆਂ। ਇਸ ਦੌਰਾਨ ਲੈਫਟੀਨੈਂਟ ਕਰਨਲ ਅਸ਼ੀਸ਼ ਤੋਮਰ, ਪੁਲਸ ਅਧਿਕਾਰੀਆਂ ਅਤੇ ਫੌਜੀ ਅਫਸਰਾਂ ਨੇ ਉਸ ਨੂੰ ਸਲਾਮੀ ਦਿੱਤੀ ਅਤੇ ਕਿਹਾ ਕਿ ਛੋਟੀ ਉਮਰ ਵਿਚ ਦੇਸ਼ ਲਈ ਬਲੀਦਾਨ ਦੇਣ ਵਾਲੇ ਅਜਿਹੇ ਸ਼ਹੀਦਾਂ ਦਾ ਨਾਮ ਦੇਸ਼ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਉਨ੍ਹਾਂ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਸ਼ਹੀਦ ਲਵਪ੍ਰੀਤ ਸਿੰਘ ਦਾ ਬਲੀਦਾਨ ਬੇਅਰਥ ਨਹੀਂ ਜਾਵੇਗਾ। ਪਿੰਡ ਦੀ ਪੰਚਾਇਤ ਸਰਪੰਚ ਜਸਵੀਰ ਸਿੰਘ ਕਾਕਾ ਵਲੋਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ਵਿਚ ਸ਼ਹੀਦ ਦੇ ਇਕ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ, ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਅਤੇ ਪਿੰਡ ਅਕਲੀਆ ਵਿਖੇ ਇਕ ਸੈਨਿਕ ਸਕੂਲ ਸਥਾਪਿਤ ਕਰਨ ਦੀ ਮੰਗ ਰੱਖੀ ਹੈ।
ਇਸ ਮੌਕੇ ਐਸ.ਡੀ.ਐਮ ਮਾਨਸਾ ਕਾਲਾ ਰਾਮ ਕਾਂਸਲ ਤੇ ਤਹਿਸੀਲਦਾਰ ਚਤਿੰਦਰ ਕੁਮਾਰ ਸ਼ਰਮਾ ਤੇ ਐਸ.ਪੀ ਗੁਰਸ਼ਰਨ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ਹੀਦ ਲਵਪ੍ਰੀਤ ਸਿੰਘ ਨੂੰ ਸਲਾਮੀ ਦਿੱਤੀ। ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਮੌਕੇ ਬਲਕੌਰ ਸਿੰਘ ਸਿੱਧੂ, ਡਾ. ਜਨਕ ਰਾਜ ਸਿੰਗਲਾ, ਯੂਥ ਆਗੂ ਚੁਸਪਿੰਦਰਬੀਰ ਸਿੰਘ ਚਾਹਲ, ਅਕਾਲੀ ਆਗੂ ਪ੍ਰੇਮ ਅਰੋੜਾ, ਡਾ. ਰਾਜੂ ਢੱਡੇ ਨੇ ਸਲਾਮੀ ਦਿੰਦਿਆ ਸਰਕਾਰ ਨੂੰ ਅਪੀਲ ਕੀਤੀ ਕਿ ਪੰਚਾਇਤ ਵਲੋਂ ਰੱਖੀਆਂ ਮੰਗਾਂ ਮੰਨੀਆਂ ਜਾਣ ਤੇ ਪਰਿਵਾਰ ਦੀ ਮਦਦ ਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ
ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ, ਲਖਵੀਰ ਸਿੰਘ ਅਕਲੀਆ, ਐਡਵਕੋਟ ਲਖਣਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here