ਮਾਨਸਾ, 23 ਜਨਵਰੀ:(ਸਾਰਾ ਯਹਾਂ/ਮੁੱਖ ਸੰਪਾਦਕ)
ਕ੍ਰਿਸ਼ੀ ਵਿਗਿਆਨ ਕੇਂਦਰ, ਖੋਖਰ ਖੁਰਦ, ਮਾਨਸਾ ਵਿਖੇ ਪੀ.ਏ.ਯੂ. ਦੇ ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਭਾਗ ਲੁਧਿਆਣਾ ਦੇ ਸਹਿਯੋਗ ਨਾਲ ਮੌਸਮੀ ਬਦਲਾਅ ਕਾਰਨ ਪਸ਼ੂਆਂ ’ਤੇ ਹੋ ਰਹੇ ਮਾੜੇ ਪ੍ਰਭਾਵ ਬਾਰੇ ਇਕ ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ, ਡਾ.ਪ੍ਰਭਜੋਤ ਕੌਰ ਮੁਖੀ (ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਭਾਗ,ਪੀ.ਏ.ਯੂ. ਲੁਧਿਆਣਾ) ਨੇ ਦੱਸਿਆ ਕਿ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦੇ ਕਾਰਨ ਮੌਸਮ ਵਿੱਚ ਬਹੁਤ ਜ਼ਿਆਦਾ ਤਬਦੀਲੀਆਂ ਹੋ ਰਹੀਆਂ ਹਨ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਪੰਜਾਬ ਸੂਬਾ ਭਾਰਤ ਦੇ ਉੱਤਰੀ ਖੇਤਰ ਵਿੱਚ ਸਥਿਤ ਹੈ, ਜਿੱਥੇ ਜਲਵਾਯੂ ਪਰਿਵਰਤਨ ਕਾਰਨ ਤਾਪਮਾਨ ਸਾਧਾਰਨ ਨਾਲੋਂ ਕਾਫ਼ੀ ਵੱਧ ਜਾਂਦਾ ਹੈ ਜੋ ਦੁੱਧ ਦੇ ਉਤਪਾਦਨ ਅਤੇ ਪਸ਼ੂਆਂ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਉਨ੍ਹਾਂ ਵੱਲੋਂ ਵਾਤਾਵਰਨ ਅਨੁਕੂਲ ਵੱਖ—ਵੱਖ ਤਕਨੀਕਾਂ ਅਪਣਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਦੌਰਾਨ ਸਹਿਯੋਗੀ ਪੋਫੈਸਰ (ਗ੍ਰਹਿ ਵਿਗਿਆਨ) ਰਜਿੰਦਰ ਕੌਰ ਸਿੱਧੂ ਨੇ ਕਿਸਾਨਾਂ ਅਤੇ ਬੇਜ਼ਮੀਨੇ ਮਜ਼ਦੂਰਾਂ ਨੂੰ ਸਹਾਇਕ ਕਿੱਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਰਵਾਏ ਜਾਣ ਵਾਲੇ ਵੱਖ—ਵੱਖ ਕਿੱਤਾ ਮੁਖੀ ਸਿਖਲਾਈ ਕੋਰਸਾਂ ਬਾਰੇ ਜਾਣੂ ਕਰਵਾਇਆ, ਜਿਸ ਨਾਲ ਕਿਸਾਨ ਕੋਈ ਵੀ ਸਹਾਇਕ ਕਿੱਤਾ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਕਿਸਾਨਾਂ ਨੂੰ ਕੇਂਦਰ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਅਜੈ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਦੱਸਿਆ ਕਿ ਦੁਧਾਰੂ ਪਸ਼ੂ ਤਾਪਮਾਨ ਵਿੱਚ ਜ਼ਿਆਦਾ ਵਾਧੇ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ ਜਿਸ ਦਾ ਅਸਰ ਦੁੱਧ ਦੀ ਘਟਦੀ ਉਤਪਦਾਕਤਾ ਅਤੇ ਸਿਹਤ ਸਮੱਸਿਆਵਾਂ ਦੇ ਰੂਪ ਵਿੱਚ ਪਸ਼ੂ ਪਾਲਕਾਂ ਲਈ ਆਰਥਿਕ ਨੁਕਸਾਨ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਮਾੜੇ ਪ੍ਰਭਾਵ ਤੋਂ ਪਸ਼ੂਆਂ ਨੂੰ ਸੁਰਖਿੱਅਤ ਰੱਖਣ ਲਈ ਚੰਗੀ ਸਾਂਭ—ਸੰਭਾਲ ਅਤੇ ਸੁੰਤਲਿਤ ਖੁਰਾਕ ਦੇ ਨਾਲ ਧਾਤਾਂ ਦੇ ਚੂਰੇ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਕਰਕੇ ਪਸ਼ੂ ਹਰਵਰਿਆਏ ਰਹਿੰਦੇ ਹਨ, ਕਟੜੂਆਂ—ਵਛੜੂਆਂ ਦੇ ਸਰੀਰ ਵਿੱਚ ਵਾਧਾ ਤੇਜ਼ੀ ਨਾਲ ਹੁੰਦਾ ਹੈ, ਪਸ਼ੂਆਂ ਦੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ, ਦੁੱਧ ਦੀ ਗੁਣਵੱਤਾ ਅਤੇ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ।
ਕੈਂਪ ਦੌਰਾਨ ਆਲ ਇੰਡੀਆ ਕੋਆਰਡੀਨੇਟਡ ਰਿਸਰਚ ਪ੍ਰੋਜੈਕਟ ਐਂਡ ਐਗਰੋਮੈਟਰੋਲੋਜੀ ਸਕੀਮ ਅਧੀਨ ਮਾਨਸਾ ਜਿਲ੍ਹੇ ਦੇ ਪਛੜੇ ਵਰਗ ਦੇ 40 ਪਰਿਵਾਰਾਂ ਨੂੂੰ 10—10 ਕਿਲੋਗ੍ਰਾਮ ਧਾਤਾਂ ਦਾ ਚੂਰਾ ਵੰੰਡਿਆ ਗਿਆ।