ਫ਼ਗਵਾੜਾ- 21 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸਿਵਲ ਸਰਜਨ ਡਾ.ਗੁਰਮੀਤ ਲਾਲ ਦੀ ਅਗਵਾਈ ਹੇਠ ਜਿਲ੍ਹੇ ਦੇ ਸਮੂਹ ਐਸ.ਐਮ.ਓਜ਼.ਅਤੇ ਐਮ.ਓਜ਼ ਲਈ ਮੰਗਲਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਦੋ ਦਿਨਾਂ ਚਾਈਲਡ ਡੈੱਥ ਰੀਵਿਊ (ਸੀ.ਡੀ.ਆਰ.) ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਦੀ ਦੇਖਰੇਖ ਹੇਠ ਕੀਤਾ ਗਿਆ। ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਸੀ.ਡੀ.ਆਰ.ਟ੍ਰੇਨਿੰਗ ਦਾ ਮਕਸਦ ਜਿਲ੍ਹੇ ਵਿੱਚ ਬਾਲ ਮੌਤ ਦਰ ਨੂੰ ਘਟਾਉਣਾ ਹੈ ਸਿਵਲ ਸਰਜਨ ਡਾ.ਗੁਰਮੀਤ ਲਾਲ ਵੱਲੋਂ ਦੱਸਿਆ ਕਿ ਬਾਲ ਮੌਤ ਦੀ ਸਮੀਖਿਆ ਟ੍ਰੇਨਿੰਗ ਜਿਲ੍ਹੇ ਵਿੱਚ ਬੱਚਿਆਂ ਦੀ ਸਿਹਤ ਨੂੰ ਬਣਾਈ ਰੱਖਣ ਅਤੇ ਬਾਲ ਮੌਤ ਦਰ ਨੂੰ ਘੱਟਾਉਣ ਲਈ ਮਹੱਤਵਪੂਰਨ ਹੈ। ਟ੍ਰੇਨਿੰਗ ਸੈਸ਼ਨ ਦੇ ਪਹਿਲੇ ਦਿਨ ਜਿਲ੍ਹਾ ਟੀਕਾਕਰਨ ਅਫ਼ਸਰ ਡਾ.ਰਾਕੇਸ਼ ਚੋਪੜਾ, ਸਰਵਿਲੈਂਸ ਮੈਡੀਕਲ ਅਫ਼ਸਰ (ਡਬਲਯੂ.ਐਚ.ਓ.) ਡਾ.ਗਗਨ ਸ਼ਰਮਾ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ.ਰਿਸ਼ੀ ਮਾਰਕੰਡਾ ਨੇ ਟ੍ਰੇਨਿੰਗ ਸੈਸ਼ਨ ਦੌਰਾਨ ਬਾਲ ਮੌਤ ਦੀ ਸਮੀਖਿਆ ਕਿਵੇਂ ਕਰਨੀ ਹੈ,ਇਸ ਵਿੱਚ ਸੁਧਾਰ ਕਿਵੇਂ ਲਿਆਉਣਾ ਹੈ, ਬਾਲ ਮੌਤ ਦੇ ਕਾਰਨਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਦੂਰ ਕਰਨ ਦੇ ਉਪਰਾਲੇ ਕਰਨਾ,ਹੋਰ ਸੰਬੰਧਤ ਮੁੱਦਿਆਂ ਦੀ ਪਛਾਣ ਅਤੇ ਬੱਚਿਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਬਾਰੇ ਵਿਸਥਾਰ ਨਾਲ ਸਿਖਲਾਈ ਦਿੱਤੀ ਗਈ।