*ਸਰਕਾਰੀ ਡਾਕਟਰਾਂ ਵੱਲੋਂ ਮੁੜ ਹੜਤਾਲ ਤੇ ਜਾਣ ਦਾ ਐਲਾਨ*

0
45

ਮਾਨਸਾ 6 ਜਨਵਰੀ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ) ਪੰਜਾਬ ਸਿਵਲ ਮੈਡੀਕਲ ਸਿਵਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਬੀਤੇ ਸਤੰਬਰ 2024 ਵਿੱਚ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ। ਪੀਸੀਐਮਐਸਏ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਗੁਰਜੀਵਨ ਸਿੰਘ ਅਤੇ ਪੀਸੀਐਮਐਸਏ ਦੇ ਜਨਰਲ ਸਕੱਤਰ ਸ਼ੁਭਮ ਬਾਂਸਲ ਨੇ ਦੱਸਿਆ ਕਿ ਕਿ 14 ਸਤੰਬਰ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਪੰਜਾਬ ਭਵਨ ਵਿੱਚ ਬੈਠਕ ਉਪਰੰਤ ਮੀਡੀਆ ਵਿੱਚ ਲੋਕਾਂ ਸਾਹਮਣੇ ਆ ਕੇ ਵਾਅਦਾ ਕੀਤਾ ਸੀ ਕਿ ਇਹ ਮੰਗਾਂ ਮੰਨ ਲਈਆਂ ਗਈਆਂ ਹਨ ਜਿਸ ਵਿੱਚ ਡੀਏਸੀਪੀ (ਡਾਇਨਾਮਿਕ ਐਸਿਓਰਡ ਕੈਰੀਅਰ ਪ੍ਰੋਗਰੈਸ਼ਨਜ) ਦੇ ਮੁੱਦੇ ਅਤੇ ਹਸਪਤਾਲਾਂ ਵਿੱਚ ਸੁਰੱਖਿਆ ਗਾਰਡ ਰੱਖਣ ਸਬੰਧੀ ਮੰਗਾਂ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਵਾਅਦੇ ਦੇ ਮੁਤਾਬਿਕ ਹੜਤਾਲ ਖਤਮ ਕਰਕੇ ਲੋਕਾਂ ਨੂੰ ਮੈਡੀਕਲ ਸੇਵਾਵਾਂ ਦੇਣੀਆਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ। ਪਰ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਦੋਵੇਂ ਮੰਗਾਂ ਨੂੰ ਲੈ ਕੇ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਡੀਏਸੀਪੀ (ਡਾਇਨਾਮਿਕ ਐਸਿਓਰਡ ਕੈਰੀਅਰ ਪ੍ਰੋਗਰੈਸ਼ਨਜ) ਜੋ ਕਿ 1 ਜੁਲਾਈ 2021 ਤੋਂ ਰੁਕੇ ਹੋਏ ਹਨ ਉਸ ਸਬੰਧੀ ਸਰਕਾਰ ਵੱਲੋਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ। ਡਾ. ਗੁਰਜੀਵਨ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਵੱਲੋਂ ਦਿੱਤੀ ਸੁਰੱਖਿਆ ਪ੍ਰਬੰਧਾਂ ਦੇ ਭਰੋਸੇ ਉੱਤੇ ਜਮੀਨੀ ਪੱਧਰ ਤੇ ਕੋਈ ਇੰਤਜ਼ਾਮ ਨਾ ਹੁੰਦੇ ਵੇਖ ਡਾਕਟਰਾਂ ਵਿੱਚ ਭਾਰੀ ਰੋਸ ਹੈ। ਜਿਸ ਦੇ ਕਾਰਨ ਕਈ ਸਪੈਸ਼ਲਿਸਟ ਡਾਕਟਰ ਸਰਕਾਰੀ ਨੌਕਰੀ ਛੱਡ ਕੇ ਜਾ ਰਹੇ ਹਨ । ਇਸ ਦੇ ਮੱਦੇ ਨਜ਼ਰ ਪੰਜਾਬ ਵਿੱਚ ਡਾਕਟਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਲਾਗੂ ਨਾ ਕੀਤਾ ਗਿਆ ਤਾਂ 20 ਜਨਵਰੀ 2025 ਤੋਂ ਮਜਬੂਰਨ ਜਥੇਬੰਦੀ ਵੱਲੋਂ ਦੁਬਾਰਾ ਓ.ਪੀ.ਡੀ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਜਿਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

LEAVE A REPLY

Please enter your comment!
Please enter your name here